ਜਲੰਧਰ, 14 ਨਵੰਬਰ-- ਬੇਸ਼ੱਕ ਸ਼ਹਿਰ 'ਚ ਟ੍ਰੈਫਿਕ ਵਿਵਸਥਾ ਸੁਧਾਰਨ 'ਚ ਅਣਥੱਕ ਕੋਸ਼ਿਸ਼ਾਂ ਹੋਈਆਂ ਪਰ ਟ੍ਰੈਫਿਕ ਮੁਲਾਜ਼ਮਾਂ ਦੇ ਵਿਹਾਰ ਅਤੇ ਭ੍ਰਿਸ਼ਟ ਸੋਚ 'ਚ ਬਦਲਾਅ ਨਾ ਹੋਣ ਕਾਰਨ ਪੂਰੇ ਪੁਲਸ ਡਿਪਾਰਟਮੈਂਟ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਸ਼ਹਿਰ ਦੇ ਹਰੇਕ ਚੌਕ, ਗਲੀ ਅਤੇ ਸੜਕ 'ਤੇ ਨਾਕਾ ਲਗਾ ਕੇ ਜਨਤਾ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਣ ਵਾਲੇ ਖੁਦ ਟ੍ਰੈਫਿਕ ਮੁਲਾਜ਼ਮ ਕਿੰਨੇ ਇਮਾਨਦਾਰ ਹਨ, ਇਨ੍ਹਾਂ ਤੱਥਾਂ ਦਾ ਖੁਲਾਸਾ ਜਗ ਬਾਣੀ ਟੀਮ ਵਲੋਂ ਕੀਤੇ ਗਏ ਸਟਿੰਗ ਆਪ੍ਰੇਸ਼ਨ 'ਚ ਹੋਇਆ ਹੈ। ਜਗ ਬਾਣੀ ਦੀ ਟੀਮ ਨੇ ਪਿਛਲੇ ਤਿੰਨ ਦਿਨਾਂ ਵਿਚ ਵੱਖ-ਵੱਖ ਚੌਕਾਂ ਅਤੇ ਨਾਕਿਆਂ 'ਤੇ ਤਾਇਨਾਤ ਇਮਾਨਦਾਰ ਟ੍ਰੈਫਿਕ ਮੁਲਾਜ਼ਮਾਂ 'ਤੇ ਬਾਜ਼ ਅੱਖ ਰੱਖੀ ਹੋਈ ਹੈ ਜਿਸ ਵਿਚ ਸੱਚਾਈ ਸਾਹਮਣੇ ਆ ਗਈ। ਏ.ਸੀ.ਪੀ. ਟ੍ਰੈਫਿਕ ਦਿਲਜਿੰਦਰ ਸਿੰਘ ਢਿੱਲੋਂ ਨੇ ਫੋਟੋ ਵੇਖ ਕੇ ਖੁਦ ਜਾਂਚ ਕਰਨ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਰੀਬ ਡੇਢ ਸਾਲ ਤੋਂ ਕਮਿਸ਼ਨਰੇਟ ਸਿਸਟਮ 'ਚ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੂੰ ਜ਼ਿਆਦਾ ਐਕਟਿਵ ਕੀਤਾ ਗਿਆ। ਹਰੇਕ ਚੌਕ, ਸੜਕਾਂ ਗਲੀਆਂ ਅਤੇ ਟ੍ਰੈਫਿਕ ਮੁਲਾਜ਼ਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਂਦੇ ਨਜ਼ਰ ਆਏ। ਅਫਸਰਾਂ ਦੇ ਆਦੇਸ਼ਾਂ ਨਿਰਦੇਸ਼ਾਂ ਦੇ ਉਲਟ ਮੁਲਾਜ਼ਮਾਂ ਨੇ ਟ੍ਰੈਫਿਕ ਸੁਧਾਰ ਦੀ ਆੜ ਵਿਚ ਸ਼ਹਿਰਵਾਸੀਆਂ ਦੀ ਨੱਕ ਵਿਚ ਦਮ ਕਰ ਦਿੱਤਾ। ਪਿਛਲੇ ਕੁੱਝ ਦਿਨਾਂ ਵਿਚ ਜਗ ਬਾਣੀ ਨੂੰ ਮਿਲ ਰਹੀਆਂ ਲਗਾਤਾਰ ਸ਼ਿਕਾਇਤਾਂ ਦੇ ਬਾਅਦ ਲੋਕਾਂ ਵਲੋਂ ਦੱਸੇ ਗਏ ਨਾਕਿਆਂ 'ਤੇ ਜਗ ਬਾਣੀ ਟੀਮ ਨਜ਼ਰ ਰੱਖ ਰਹੀ ਹੈ। ਪਿਛਲੇ ਤਿੰਨ ਦਿਨਾਂ 'ਚ ਮਿਲਿਆ ਫੋਟੋ ਤੋਂ ਸਬੂਤ ਮਿਲ ਗਿਆ ਹੈ ਕਿ ਟ੍ਰੈਫਿਕ ਮੁਲਾਜ਼ਮ ਖੁਦ ਕਿੰਨੇ ਇਮਾਨਦਾਰ ਹਨ।