ਅੰਮ੍ਰਿਤਸਰ, 15 ਨਵੰਬਰ --ਇਕ ਪਾਸੇ ਕੇਂਦਰ ਤੇ ਰਾਜ ਸਰਕਾਰ ਵਲੋਂ ਪੁਰਾਤਨ ਇਤਿਹਾਸਿਕ ਥਾਵਾਂ ਦੀ ਸੰਭਾਲ ਲਈ ਲੱਖਾਂ ਰੁਪਏ ਖਰਚ ਕਰਕੇ ਪ੍ਰਾਚੀਨ ਵਿਰਾਸਤ ਦੀ ਰੱਖਿਆ ਕੀਤੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਨਗਰ ਨਿਗਮ ਦੀ ਅਣਦੇਖੀ ਦਾ ਸ਼ਿਕਾਰ ਕਈ ਇਤਿਹਾਸਿਕ ਤੇ ਪੁਰਾਤਨ ਥਾਵਾਂ ਦਾ ਹੁਣ ਰੱਬ ਹੀ ਰਾਖਾ ਹੈ। ਨਗਰ ਨਿਗਮ ਵਲੋਂ ਲੱਖਾਂ ਰੁਪਏ ਖਰਚ ਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿਚ ਗੁਰੂ ਨਗਰੀ ਦੀ ਰੱਖਿਆ ਲਈ ਬਣਵਾਏ ਗਏ ਇਤਿਹਾਸਿਕ ਦਰਵਾਜ਼ਿਆਂ ਨੂੰ ਜਿਥੇ ਨਵਾਂ ਰੂਪ ਦਿੱਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਇਨ੍ਹਾਂ ਦਰਵਾਜ਼ਿਆਂ ਨੂੰ ਸਿਰਫ ਪੋਸਟਰ ਚਿਪਕਾਉਣ ਤੇ ਹੋਰਡਿੰਗ ਆਦਿ ਲਾਉਣ ਲਏ ਵਰਤਦੇ ਹੋਏ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਾਲ ਗੇਟ ਦੇ ਉਪਰ ਲੱਗੀ ਅੰਗਰੇਜ਼ਾਂ ਦੇ ਜ਼ਮਾਨੇ ਦੀ ਘੜੀ ਨੂੰ ਵੀ ਢਕਦੇ ਹੋਏ ਹੋਰਡਿੰਗ ਤੇ ਗੇਟ ਦੀਆਂ ਕੰਧਾਂ 'ਤੇ ਲਾਏ ਗਏ ਪੋਸਟਰ ਇਤਿਹਾਸਿਕ ਥਾਵਾਂ ਪ੍ਰਤੀ ਨਗਰ ਨਿਗਮ ਦਾ ਪਿਆਰ ਤੇ ਡਿਊਟੀ ਦਰਸਾ ਰਹੇ ਹਨ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਕ ਪਾਸੇ ਤਾਂ ਨਗਰ ਨਿਗਮ ਵਲੋਂ ਇਤਿਹਾਸਿਕ ਥਾਵਾਂ ਦੀ ਸੰਭਾਲ ਤੇ ਉਨ੍ਹਾਂ ਨੂੰ ਸੰਵਾਰਨ ਲਈ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਇਨ੍ਹਾਂ ਥਾਵਾਂ ਦੀ ਬੇਕਦਰੀ ਕੀਤੀ ਜਾ ਰਹੀ ਹੈ। ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਜਨ-ਚੇਤਨਾ ਯਾਤਰਾ ਦੇ ਚਲੇ ਜਾਣ ਦੇ ਬਾਅਦ ਵੀ ਉਕਤ ਇਤਿਹਾਸਿਕ ਗੇਟ, ਕੰਧਾਂ ਤੇ ਚੌਰਾਹਿਆਂ ਉੱਤੇ ਲਵਾਏ ਗਏ ਹੋਰਡਿੰਗ ਤੇ ਪੋਸਟਰ ਨਹੀਂ ਉਤਾਰੇ ਗਏ। ਕੀ ਕਹਿੰਦੇ ਨੇ ਅਧਿਕਾਰੀ : ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਡੀ. ਪੀ. ਗੁਪਤਾ ਨੇ ਕਿਹਾ ਕਿ ਜਲਦੀ ਹੀ ਹੋਰਡਿੰਗ ਤੇ ਪੋਸਟਰ ਉਤਰਵਾ ਦਿੱਤੇ ਜਾਣਗੇ।
No comments:
Post a Comment