ਸ਼ਰਾਬੀ ਇਕ ਅਜਿਹਾ ਸਮਾਜਿਕ ਜੀਵ ਹੈ, ਜੋ ਹਰ ਪਿੰਡ ਅਤੇ ਹਰ ਸ਼ਹਿਰ ਵਿਚ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਕਈ ਤਾਂ ਸਵੇਰ ਤੋਂ ਹੀ ਸ਼ਰਾਬ ਦਾ ਐਸਾ ਸੇਵਨ ਸ਼ੁਰੂ ਕਰਦੇ ਹਨ ਕਿ ਸ਼ਾਮ ਤਕ ਐਨ ਕਲੈਹਰੀ ਮੋਰ ਬਣ ਜਾਂਦੇ ਹਨ।  ਸ਼ਾਮ ਨੂੰ ਤਾਂ ਤਕਰੀਬਨ ਸਾਰੇ ਹੀ ਸ਼ਰਾਬੀਆਂ ਦੀ ਕਾਟੋ ਫੁੱਲਾਂ 'ਤੇ ਖੇਡ ਰਹੀ ਹੁੰਦੀ ਹੈ। ਜੇਕਰ ਕੋਈ ਭਲਾਮਾਣਸ ਇਨ੍ਹਾਂ ਨੂੰ ਸ਼ਰਾਬ ਪੀਣ ਤੋਂ ਰੋਕਦਾ ਹੈ ਤਾਂ ਇਹ ਸ਼ਰਾਬ ਦੇ ਹੱਕ ਵਿਚ ਅਜਿਹੇ ਸ਼ੋਸ਼ੇ ਛੱਡਦੇ ਹਨ ਕਿ ਰੋਕਣ ਵਾਲੇ ਦੀ ਤੁਰੰਤ ਹੀ ਬੋਲਤੀ ਬੰਦ ਹੋ ਜਾਂਦੀ ਹੈ।
''ਤੂੰ ਭਾਈ ਕਾਕਾ ਸ਼ਰਾਬ ਨਾ ਪੀਆ ਕਰ। ਸ਼ਰਾਬ ਦਾ ਪੱਟਿਆ ਕਦੇ ਵੀ ਰਾਸ ਨਹੀਂ ਆਉਂਦਾ। ਆਪਣੇ ਪਿੰਡ ਵਿਚ ਹੀ ਵੇਖ, ਸਹੁਰੀ ਸ਼ਰਾਬ ਨੇ ਕਿੰਨੇ ਘਰ ਉਜਾੜੇ ਐ। ਨਾਲੇ ਤਾਂ ਰੁਪਏ-ਪੈਸੇ ਵੰਨੀਓਂ ਰਾੜ੍ਹਾ ਲੱਗਦੈ ਤੇ ਜਿਹੜਾ ਜੀਅ ਦਾ ਨੁਕਸਾਨ ਹੋ ਜਾਂਦੈ, ਉਹਦੀ ਕੋਈ ਕੀਮਤ ਹੀ ਨਹੀਂ। ਵੇਖ, ਤੇਰੇ ਜੁਆਕ ਬਰੋਬਰ ਦੇ ਹੋ ਗਏ ਐ। ਜਿਹੜੀ ਪੀ ਲਈ, ਸੋ ਪੀ ਲਈ। ਹੁਣ ਭਾਈ ਕਾਕਾ ਤੂੰ ਸ਼ਰਾਬ ਦਾ ਖਹਿੜਾ ਛੱਡ ਤੇ ਆਪਣਾ ਘਰ ਸੰਭਾਲ।'' ਪ੍ਰੀਤਮ ਸਿੰਘ ਆਪਣੇ ਪੋਤਰੇ ਕਿੰਦਰ ਨੂੰ ਸੁਭਾ ਨਿਰਣੇ ਕਾਲਜੇ ਹੀ ਉੁਪਦੇਸ਼ ਦੇ ਰਿਹਾ ਸੀ।
''ਬਾਬਾ ਜੀ, ਮੈਨੂੰ ਸਭ ਪਤੈ ਕਿ ਜ਼ਿਆਦਾ ਪੀਣੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਇਸ ਕਰਕੇ ਮੈਂ ਜ਼ਿਆਦਾ ਪੀਂਦਾ ਹੀ ਨਹੀਂ। ਐਵੇਂ ਦੋ ਕੁ ਪੈੱਗ ਤੜਕੇ ਰੋਟੀ ਖਾਣ ਲੱਗਿਆਂ, ਦੋ ਕੁ ਪੈੱਗ ਦੁਪਹਿਰ ਵੇਲੇ ਅਤੇ ਦੋ ਕੁ ਪੈੱਗ ਆਥਣ ਵੇਲੇ ਲਗਾ ਲਈਦੇ ਹਨ, ਜੀਹਦੇ ਨਾਲ ਸਾਰੇ ਦਿਨ ਦਾ ਖਾਧਾ-ਪੀਤਾ ਹਜ਼ਮ ਹੋ ਜਾਂਦਾ ਹੈ। ਨਾਲੇ ਬਾਬਾ ਜੀ ਮੈਂ ਕਿਹੜਾ ਮੁੱਲ ਦੀ ਪੀਂਦਾ ਹਾਂ। ਮਹੀਨੇ ਬਾਅਦ ਗੁੜ ਦਾ ਗੱਟਾ ਘਰੇ ਹੀ ਪਾ ਲਈਦਾ ਹੈ। ਜੀਹਦੇ ਨਾਲ ਮੇਰਾ ਮਹੀਨਾ ਮੌਜ ਨਾਲ ਲੰਘ ਜਾਂਦੈ। ਆਹ ਪਿਛਲੇ ਦਿਨੀਂ ਕਿਸੇ ਅਖ਼ਬਾਰ ਵਿਚ ਪਤਾ ਨਹੀਂ ਕਿਹੜੇ ਦੇਸ਼ ਦੇ ਇਕ ਵਿਗਿਆਨੀ ਦਾ ਬਿਆਨ ਛਪਿਆ ਸੀ ਅਖੇ ਮਾੜੀ-ਮੋਟੀ ਪੀਣ ਨਾਲ ਹਾਰਟ-ਅਟੈਕ ਨਹੀਂ ਹੁੰਦਾ ਤੇ ਨਾਲੇ ਬਲੱਡ ਪ੍ਰੈਸ਼ਰ ਵੀ ਨਾਰਮਲ ਰਹਿੰਦਾ ਹੈ।
''ਭਿੰਦੇ ਦੇ ਭਾਪਾ, ਤੂੰ ਤਾਂ ਜੀ ਕਮਾਲ ਹੀ ਕਰੀ ਜਾਨੈਂ। ਵੱਡੀ ਕੁੜੀ ਕੋਠੇ ਜਿੱਡੀ ਹੋ ਗਈ ਐ ਤੇ ਤੈਨੂੰ ਜੀ ਭੋਰਾ ਵੀ ਫਿਕਰ ਹੈ ਨੀਂ ਉਹਦਾ। ਬਸ ਚੱਤੋ-ਪਹਿਰ ਸ਼ਰਾਬ ਨਾਲ ਹੀ ਵਾਹ ਹੈ ਜੀ ਤੇਰਾ ਤਾਂ। ਪਹਿਲਾਂ ਤਾਂ ਤੂੰ ਜੀ ਵੀਰਵਾਰ ਛੱਡ ਦਿਆ ਕਰਦਾ ਸੈਂ ਪਰ ਪਤਾ ਨਹੀਂ ਵਿਹੁ ਮਾਤਾ ਨੇ ਤੈਨੂੰ ਕੀ ਪੁੱਠੀ ਭੁਮਾਲੀ ਦਿੱਤੀ ਐ, ਆਹ ਪਿਛਲੇ ਹਫ਼ਤੇ ਤੋਂ ਤੂੰ ਜੀ ਵੀਰਵਾਰ ਨੂੰ ਵੀ ਪੀਣੀ ਸ਼ੁਰੂ ਕਰਤੀ ਐ। ਭਲਾ ਇਹਦੇ ਬਿਨਾਂ ਤੇਰਾ ਸਰਦਾ ਨੀਂ ਜੀ?'' ਗੋਰੇ ਦੀ ਪਤਨੀ ਜੀਤੋ ਉਸ ਨੂੰ ਸਮਝਾਉਣ ਦੇ ਰੌਂਅ ਵਿਚ ਸੀ।
''ਓ ਭਾਗਵਾਨੇ , ਮੈਂ ਤਾਂ ਸਗੋਂ ਜੇ ਵੀਰਵਾਰ ਨੂੰ ਨਾ ਪੀਵਾਂ ਤਾਂ ਵਾਹਵਾ ਰਹਿਨਾਂ। ਇਹ ਨਾਗਾ ਪੈਣ ਨਾਲ ਚੰਗੀ ਤਰ੍ਹਾਂ ਨਹਾ-ਨਹੂ ਲਈਦੈ। ਹਫ਼ਤੇ ਬਾਅਦ ਮਿੱਤਰਾਂ-ਬੇਲੀਆਂ ਨਾਲ ਰੱਜ ਕੇ ਗੱਲਾਂ ਵੀ ਕਰ ਲਈਦੀਆਂ ਹਨ ਪਰ ਹੁਣ ਮੈਂ ਕਰਾਂ ਤਾਂ ਦੱਸ ਕੀ ਕਰਾਂ। ਜੇ ਮੈਂ ਪੀਨਾਂ ਤਾਂ ਵੀ ਮਰਦੈਂ ਤੇ ਜੇ ਮੈਂ ਨਹੀਂ ਪੀਂਦਾ ਤਾਂ ਵੀ ਮਰਦੈਂ।''
''ਕਿਉਂ ਤੇਰੇ ਮਗਰ ਜੀ ਕੋਈ ਡਾਂਗ ਲਈ ਫਿਰਦੈ ਬਈ ਤੂੰ ਜੀ ਜ਼ਰੂਰ ਪੀ?''
''ਲੈ ਡਾਂਗ ਆਖੀ ਤਾਂ ਕੀ ਆਖੀ। ਪਿਛਲੇ ਤੋਂ ਪਿਛਲੇ ਵੀਰਵਾਰ ਮੈਂ ਸਵ੍ਹਾਤ ਵਿਚ ਜਾਗੋ-ਮੀਟੀ ਪਿਆ ਸੀ। ਤਾਂ ਕੀ ਹੋਇਆ, ਅਚਾਨਕ ਹੀ ਧੰਨ-ਧੰਨ ਬਾਬਾ ਪੇਟੂ ਸ਼ਾਹ ਜੀ ਮਹਾਰਾਜ ਆ ਪ੍ਰਗਟ ਹੋਏ। ਢਾਈ ਕੁਇੰਟਲ ਦੀ ਉਨ੍ਹਾਂ ਦੀ ਦੇਹ ਤੇ ਕੁਇੰਟਲ ਪੱਕੇ ਦਾ ਉਨ੍ਹਾਂ ਮੁਗਧਰ ਰੱਖਿਆ ਆਪਣੇ ਖੱਬੇ ਮੋਢੇ 'ਤੇ। ਕਹਿਣ ਲੱਗੇ¸ਅਖੇ ਬਾਕੀ ਦਿਨ ਤਾਂ ਤੂੰ ਰੱਜ ਕੇ ਪੀਨੈਂ ਤੇ ਮੇਰਾ ਦਿਨ ਸੁੱਕਾ ਹੀ ਟਪਾ ਦਿੰਨੈਂ। ਕੀ ਵੀਰਵਾਰ ਨੂੰ ਪੀਣ ਲਈ ਤੇਰੇ ਕੋਲੋਂ ਪੈਸੇ ਮੁੱਕ ਜਾਂਦੇ ਐ?'' ਮੈਂ ਕਿਹਾ ਪਿਛਲੀਆਂ ਭੁੱਲਾਂ ਬਖਸ਼ੋ। ਹੁਣ ਮੈਂ ਤੁਹਾਡਾ ਹੁਕਮ ਸਿਰ-ਮੱਥੇ ਮੰਨਣ ਲਈ ਤਿਆਰ ਹਾਂ। ਲੈ ਭਾਗਵਾਨੇ, ਰੱਬ ਤੇਰਾ ਭਲਾ ਕਰੇ, ਮੈਂ ਬੁੜਕ ਕੇ ਆਪਣੇ ਮੰਜੇ ਤੋਂ ਉੱਠਿਆ ਅਤੇ ਅਲਮਾਰੀ ਵਿਚ ਪਈ  ਬੋਤਲ ਚੁੱਕ ਮੂੰਹ ਨੂੰ ਲਗਾ ਲੀ। ਬੋਤਲ ਉਦੋਂ ਹੀ ਮੂੰਹੋਂ ਲਾਹੀ, ਜਦੋਂ ਖਾਲੀ ਹੋ ਗਈ। ਜਦੋਂ ਮੈਂ ਖਾਲੀ ਬੋਤਲ ਸੁੱਟ ਕੇ ਵਾਪਿਸ ਸੁਵ੍ਹਾਤ ਵਿਚ ਆਇਆ ਤਾਂ ਧੰਨ-ਧੰਨ ਬਾਬਾ ਪੇਟੂ ਸ਼ਾਹ ਜੀ ਮਹਾਰਾਜ ਉਥੋਂ ਅਲੋਪ ਹੋ ਚੁੱਕੇ ਸਨ। ਭਲੀਏ ਲੋਕੇ, ਹੁਣ ਤੂੰ ਹੀ ਦੱਸ ਮੈਂ ਕਿਹੜੇ ਖੂਹ ਵਿਚ ਡਿੱਗਾਂ।'' ਗੋਰੇ ਸ਼ਰਾਬੀ ਦਾ ਛੱਡਿਆ ਸ਼ੋਸ਼ਾ ਸੁਣ ਜੀਤੀ ਹੁਣ ਪੱਥਰ ਬਣ ਗਈ ਸੀ।
''ਲੈ ਸ਼ਰਾਬ ਛੱਡਣ ਦਾ ਕੀ ਐ। ਜਦੋਂ ਮਰਜ਼ੀ ਛੱਡ ਦਿਓ। ਹੁਣ ਤਕ ਮੈਂ ਵੀਹ ਵਾਰੀ ਛੱਡੀ ਐ।'' ਗੋਧਾ ਗੱਪੀ ਸੱਥ ਵਿਚ ਬੈਠਾ ਸ਼ੋਸ਼ੇ ਛੱਡੀ ਜਾ ਰਿਹਾ ਸੀ।
''ਮੇਰੀਏ ਡੱਡੀਏ, ਜੀਹਦੀਆਂ ਰਗਾਂ ਵਿਚ ਦੀ ਸ਼ਰਾਬ ਇਕ ਵਾਰ ਲੰਘ ਜੇ, ਉਹਦੇ ਲਈ ਇਹ ਛੱਡਣੀ ਬਹੁਤ ਔਖੀ ਹੋ ਜਾਂਦੀ ਐ। ਇਹ ਕੜਮੀਂ ਚੀਜ਼ ਹੀ ਐਸੀ ਐ।'' ਬਾਬਾ ਖੇਮਾ ਗੋਧੇ ਗੱਪੀ ਨੂੰ ਟੋਕਦਾ ਹੈ।
''ਲੈ ਬਾਬਾ ਲਾ ਲੈ ਸ਼ਰਤ, ਭਾਵੇਂ ਪੰਜ-ਪੰਜ ਹਜ਼ਾਰ ਦੀ। ਆਹ ਦਸ-ਪੰਦਰਾਂ ਦਿਨ ਪਹਿਲਾਂ ਦੀ ਗੱਲ ਐ। ਤੇਰੇ ਵਾਂਗ ਮੇਰੇ ਨਾਲ ਵਿੰਗੜਾਂ ਕਾ ਵਰਿਆਮਾ ਜ਼ਿੱਦ ਕਰੀ ਆਵੇ, ਅਖੇ ਤੂੰ ਸ਼ਰਾਬ ਨਹੀਂ ਛੱਡ ਸਕਦਾ। ਮੈਂ ਕਿਹਾ¸ਲਾ ਲੈ ਸ਼ਰਤ। ਲਓ ਜੀ, ਉਹ ਮੇਰੇ ਤੋਂ ਵੀ ਤੱਤਾ-ਕਾਹਲਾ। ਕਹਿੰਦਾ¸ਲੱਗ ਗਈ ਹਜ਼ਾਰ-ਹਜ਼ਾਰ ਰੁਪਏ ਦੀ। ਕੋਲ ਬੈਠੇ ਘੀਲੇ ਨੇ ਹਜ਼ਾਰ ਮੇਰੇ ਤੋਂ ਫੜਿਆ ਤੇ ਹਜ਼ਾਰ ਵਰਿਆਮੇ ਤੋਂ। ਫ਼ੈਸਲਾ ਹੋਇਆ ਕਿ ਜੇ ਮੈਂ ਇਕ ਹਫ਼ਤਾ ਬਗੈਰ ਸ਼ਰਾਬ ਪੀਤਿਓਂ ਕੱਢ ਗਿਆ ਤਾਂ ਦੋ ਹਜ਼ਾਰ ਮੇਰਾ ਪੱਕਾ ਤੇ ਜੇ ਮੈਂ ਵਿਚਦੀ ਪੀ ਗਿਆ ਤਾਂ ਦੋ ਹਜ਼ਾਰ ਉਹਦਾ ਪੱਕਾ। ਲਓ ਜੀ, ਮੈਂ ਸ਼ਰਾਬ ਕਾਹਨੂੰ ਪੀਣੀ ਸੀ। ਮੈਨੂੰ ਅੱਗਿਓਂ ਦੋ ਹਜ਼ਾਰ ਚਿੜੇ ਦੇ ਕੰਨ ਵਰਗੇ ਦੀਂਹਦੇ ਸੀ। ਮੈਂ ਇਕ ਹਫ਼ਤਾ ਕਸੀਸ ਜਿਹੀ ਵੱਟ ਕੇ ਲੰਘਾ ਲਿਆ ਤੇ ਦੋ ਹਜ਼ਾਰ ਰੁਪਏ ਦੀ ਸ਼ਰਤ ਜਿੱਤ ਗਿਆ। ਬਾਬਾ ਜੀ, ਸ਼ਰਾਬ ਛੱਡਣ ਦਾ ਕੀ ਐ। ਜਦੋਂ ਮਰਜ਼ੀ ਛੱਡ ਦਿਓ....।''
''ਡੱਫੀ ਤਾਂ ਤੂੰ ਹੁਣ ਵੀ ਫਿਰਦੈਂ। ਅਖੇ ਮੈਂ ਸ਼ਰਾਬ ਛੱਡ 'ਤੀ। ਵੇਖਾਂ ਕਿਵੇਂ ਕੋਲੋਂ ਡਾਡ ਮਾਰੀ ਜਾਂਦੀ ਐ।'' ਬਾਬਾ ਖੇਮਾ ਤਲਖ਼ੀ ਨਾਲ ਬੋਲਦਾ ਹੈ।
''ਬਾਬਾ ਜੀ,ਇਹ ਮੈਂ ਸ਼ਰਾਬ ਥੋੜ੍ਹਾ ਪੀਤੀ ਐ। ਇਹ ਤਾਂ ਮੈਂ ਸ਼ਰਤ ਜਿੱਤਣ ਦੀ ਖੁਸ਼ੀ ਮਨਾ ਰਿਹਾ ਹਾਂ। ਜਿੱਦਣ ਦੋ ਹਜ਼ਾਰ ਰੁਪਏ ਮੁੱਕ ਗਏ, ਓਦਣ ਹੀ ਕਹਾਣੀ ਖਤਮ। ਬਾਬਾ ਜੀ, ਸ਼ਰਾਬ ਛੱਡਣੀ ਕੋਈ ਬਹੁਤੀ ਔਖੀ ਨਹੀਂ। ਹੁਣ ਤਕ ਮੈਂ ਵੀਹ ਵਾਰੀ ਸ਼ਰਾਬ ਛੱਡੀ ਐ....।'' ਗੋਧਾ ਗੱਪੀ ਸੱਥ ਵਿਚ ਬੈਠਾ ਅਜੇ ਵੀ ਸ਼ੋਸ਼ੇ ਛੱਡੀ ਜਾ ਰਿਹਾ ਸੀ।