ਮੇਹਟੀਆਣਾ, 18 ਨਵੰਬਰ--ਅੱਜ ਬੇਸ਼ੱਕ ਭਾਵੇਂ ਲੋਕ ਆਪੋ-ਆਪਣੇ ਕੰਮ ਤੇਜ਼ੀ ਨਾਲ ਕਰ ਰਹੇ ਹਨ, ਪਰ ਕਈ ਲੋਕ ਇਸ ਤਰ੍ਹਾਂ ਦੇ ਵੀ ਹਨ ਜੋ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਛੋਟੀਆਂ-ਮੋਟੀਆਂ ਦੁਕਾਨਾਂ ਜਾਂ ਖੋਖੇ ਬਣਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦੇ ਹਨ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਨੂੰ ਕੰਮ ਕਰਨ ਵਾਸਤੇ ਦੁਕਾਨਾਂ ਵੀ ਨਸੀਬ ਨਹੀਂ ਹੁੰਦੀਆਂ, ਪ੍ਰੰਤੂ ਉਹ ਆਪਣਾ ਕੰਮ ਕਰਨ ਲਈ ਕੋਈ ਅੱਡਾ-ਖੱਡਾ ਲੱਭ ਹੀ ਲੈਂਦੇ ਹਨ। ਇਸੇ ਤਰ੍ਹਾਂ ਦਾ ਇਕ ਮਿਹਨਤੀ ਨੌਜਵਾਨ ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਸਥਿਤ ਪੁਰਹੀਰਾਂ ਕੋਲ ਦੇਖਿਆ ਜਾ ਸਕਦਾ ਹੈ ਜੋ ਕਿ ਸੜਕ ਕਿਨਾਰੇ ਲੱਗੇ ਇਕ ਸਾਈਨ ਬੋਰਡ ਦੇ ਸਹਾਰੇ ਹੀ ਆਪਣੀ ਹੇਅਰ-ਡਰੈੱਸਰ ਦੀ ਦੁਕਾਨ ਚਲਾ ਕੇ ਆਪਣਾ ਤੇ ਪਰਿਵਾਰ ਦਾ ਪੇਟ ਭਰ ਰਿਹਾ ਹੈ। ਇਲਾਕੇ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਹੋਰਨਾਂ ਨੌਜਵਾਨਾਂ ਨੂੰ ਵੀ ਨਸ਼ਿਆਂ ਜਾਂ ਵਿਹਲੜਪਣ ਤੋਂ ਗੁਰੇਜ਼ ਕਰਕੇ ਅਜਿਹੇ ਮਿਹਨਤੀ ਵਿਅਕਤੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਬਿਨਾਂ ਕਿਸੇ ਸੰਗ-ਸ਼ਰਮ ਤੋਂ ਕੰਮ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।