ਜਲੰਧਰ, 17 ਨਵੰਬਰ (ਸ਼ੋਰੀ)-ਮੰਤਰੀ ਅਜੀਤ ਸਿੰਘ ਕੋਹਾੜ ਵਲੋਂ ਸਿਵਲ ਹਸਪਤਾਲ ਦੀ ਮਹਿਲਾ ਡਾਕਟਰ ਨਾਲ ਬਦਤਮੀਜ਼ੀ ਦਾ ਮਾਮਲਾ ਅਜੇ ਥੰਮਿਆ ਨਹੀਂ ਸੀ ਕਿ ਦੇਰ ਰਾਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਕਿਸੇ ਗੱਲ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਬਾਅਦ 2 ਭਰਾਵਾਂ ਨੇ ਡਿਊਟੀ 'ਤੇ ਤਾਇਨਾਤ ਡਾਕਟਰ ਰਾਜ ਕੁਮਾਰ ਨਾਲ ਗਾਲੀ-ਗਲੋਚ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਦੇ ਬਾਅਦ ਉਥੇ ਮੌਜੂਦ ਪੁਲਸ ਕਰਮਚਾਰੀਆਂ ਨੇ ਦੋਵੇਂ ਭਰਾਵਾਂ ਨੂੰ ਕਾਬੂ ਕੀਤਾ ਤੇ ਉਨ੍ਹਾਂ ਨੂੰ ਥਾਣਾ 4 ਵਿਖੇ ਲੈ ਗਏ ਅਤੇ ਬਾਅਦ 'ਚ ਉਨ੍ਹਾਂ ਦਾ ਮੈਡੀਕਲ ਵੀ ਕਰਵਾਇਆ। ਡਾਕਟਰ ਨੇ ਉਨ੍ਹਾਂ ਦੁਆਰਾ ਸ਼ਰਾਬ ਪੀਣ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕੁਲਜੀਤ ਸਿੰਘ ਨਾਮਕ ਇਕ ਵਿਅਕਤੀ ਦੀ ਐੱਮ. ਐੱਲ. ਆਰ. ਕੱਟੀ ਸੀ। ਉਸ ਦੌਰਾਨ ਉਨ੍ਹਾਂ ਨੇ ਜ਼ਖਮੀ ਦੀ ਬਾਂਹ 'ਤੇ ਲੱਗੀ ਸੱਟ ਦਾ ਐਕਸਰੇ ਲਿਖਿਆ ਸੀ। ਐਕਸਰੇ ਕਰਨ ਦੇ ਬਾਅਦ ਜ਼ਖਮੀ ਦੀਆਂ ਸੱਟਾਂ ਨੂੰ ਡਾ. ਵਾਲੀਆ ਨੇ ਸਿੰਪਲ ਲਿਖ ਦਿੱਤਾ ਪਰ ਉਕਤ ਜ਼ਖਮੀ ਦੇ ਸਮਰਥਨ ਵਿਚ ਆਏ ਉਸ ਦਾ ਭਰਾ ਗੁਰਮੀਤ ਸਿੰਘ ਮੈਡੀਕਲ ਸੁਪਰੀਡੈਂਟ ਨੂੰ ਮਿਲਿਆ। 3 ਡਾਕਟਰਾਂ ਦਾ ਬੋਰਡ ਬੈਠਣ ਦੇ ਬਾਅਦ ਵੀ ਸੱਟ ਨੂੰ ਸਿੰਪਲ ਹੀ ਦੱਸਿਆ ਗਿਆ। ਡਾ. ਰਾਜ ਕੁਮਾਰ ਨੇ ਦੱਸਿਆ ਕਿ ਉਕਤ ਦੋਵੇਂ ਭਰਾ ਕਾਫੀ ਦਿਨਾਂ ਤੋਂ ਉਸ 'ਤੇ ਦਬਾਅ ਪਾ ਰਹੇ ਸਨ ਕਿ ਸੱਟ ਨੂੰ ਗ੍ਰੀਵੀਅਸ ਲਿਖਿਆ ਜਾਵੇ। ਡਾਕਟਰ ਨੇ ਦੱਸਿਆ ਕਿ ਗ੍ਰੀਵੀਅਸ ਲਿਖਣ ਨਾਲ ਧਾਰਾ 326 ਬਣ ਜਾਂਦੀ ਹੈ ਅਤੇ ਉਸ ਨੇ ਉਕਤ ਲੋਕਾਂ ਨੂੰ ਗਲਤ ਕੰਮ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ। ਅੱਜ ਦੁਪਹਿਰ ਵੇਲੇ ਵੀ ਉਕਤ ਭਰਾ ਉਸ ਦੇ ਘਰ ਦਬਾਅ ਪਾਉਣ ਲਈ ਆਏ ਸਨ। ਰਾਜ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਉਸ ਦੀ ਐਮਰਜੈਂਸੀ ਵਾਰਡ ਵਿਚ ਆਰ. ਐੱਮ. ਓ. ਡਿਊਟੀ ਲੱਗੀ ਹੋਈ ਸੀ। ਇਸੇ ਦੌਰਾਨ ਉਕਤ ਦੋਵੇਂ ਭਰਾ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਆਏ ਅਤੇ ਉਸ ਨਾਲ ਗਾਲੀ-ਗਲੋਚ ਕਰਦੇ ਹੋਏ ਕੁੱਟਮਾਰ ਕਰਨ ਲੱਗ ਪਏ। ਦੂਜੇ ਪਾਸੇ ਡਾਕਟਰ ਨਾਲ ਹੋਈ ਕੁੱਟਮਾਰ ਦੀ ਘਟਨਾ ਤੋਂ ਬਾਅਦ ਦੇਰ ਰਾਤ ਡਾਕਟਰਾਂ ਦੀ ਯੂਨੀਅਨ ਦੇ ਮੈਂਬਰ ਸਿਵਲ ਹਸਪਤਾਲ ਇਕੱਠੇ ਹੋ ਰਹੇ ਸਨ ਅਤੇ ਉਨ੍ਹਾਂ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਸੀ। ਦੂਜੇ ਪਾਸੇ ਦੋਸ਼ੀ ਭਰਾਵਾਂ ਨੇ ਕੁੱਟਮਾਰ ਦੀ ਘਟਨਾ ਨੂੰ ਨਕਾਰਿਆ ਅਤੇ ਡਾਕਟਰ 'ਤੇ ਕੁੱਟਮਾਰ ਦਾ ਦੋਸ਼ ਲਾਇਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।