2 ਸਾਲਾਂ 'ਚ ਪੈਸੇ ਦੁੱਗਣੇ ਕਰਨ ਵਾਲੀ ਰਾਜਸਥਾਨੀ ਕੰਪਨੀ ਕਰੋੜਾਂ ਲੈ ਕੇ ਫਰਾਰ?

ਬਠਿੰਡਾ, 23 ਨਵੰਬਰ --2 ਸਾਲਾਂ ਵਿਚ ਪੈਸੇ ਦੁੱਗਣੇ ਕਰਨ ਦਾ ਦਾਅਵਾ ਕਰਨ ਵਾਲੀ ਰਾਜਸਥਾਨ ਦੀ ਬਠਿੰਡਾ ਸਥਿਤ ਕੰਪਨੀ ਫਰਾਰ ਹੋ ਗਈ ਹੈ, ਜਿਸ ਕਾਰਨ ਪ੍ਰਭਾਵਿਤ ਲੋਕ ਪ੍ਰੇਸ਼ਾਨੀ ਵਿਚ ਹੈ, ਕਿਉਂਕਿ ਸੁਖ ਲੈਣ ਦੀ ਆਸ 'ਚ ਉਨ੍ਹਾਂ ਪੱਲੇ ਦੁੱਖ ਪਿਆ ਹੈ। ਇਸ ਸੰਬੰਧ ਵਿਚ ਐੱਸ. ਐੱਸ. ਪੀ. ਦਾ ਕਹਿਣਾ ਹੈ ਕਿ ਉਹ ਪੜਤਾਲ ਕਰ ਰਹੇ ਹਨ। ਜਾਣਕਾਰੀ ਮੁਤਾਬਕ ਬਠਿੰਡਾ ਇਲਾਕੇ ਵਿਚ ਇਕ ਕੰਪਨੀ ਨੇ ਆਪਣਾ ਮਕੜਜਾਲ ਫੈਲਾਇਆ ਸੀ, ਜੋ ਭੋਲੇ-ਭਾਲੇ ਲੋਕਾਂ ਨੂੰ 2 ਸਾਲਾਂ 'ਚ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਰਹੀ ਰਹੀ। ਇਸ ਕਾਰਨ ਇਲਾਕੇ ਦੇ ਲੋਕ ਕਰੋੜਾਂ ਰੁਪਏ ਇਸ ਕੰਪਨੀ ਵਿਚ ਲਗਾ ਚੁੱਕੇ ਸਨ। ਅੱਜ ਸਵੇਰੇ ਬਠਿੰਡਾ ਸਥਿਤ ਦਫ਼ਤਰ ਦੇ ਬਾਹਰ ਲੋਕਾਂ ਦੀ ਭੀੜ ਦੇਖੀ ਗਈ, ਜਿਨ੍ਹਾਂ ਦਾ ਕਹਿਣਾ ਸੀ ਕਿ ਕੁਝ ਦਿਨਾਂ ਤੋਂ ਇਹ ਦਫ਼ਤਰ ਬੰਦ ਹੈ, ਜਦਕਿ ਕੰਪਨੀ ਦੇ ਏਜੰਟਾਂ ਤੇ ਅਧਿਕਾਰੀਆਂ ਦੇ ਫੋਨ ਵੀ ਬੰਦ ਪਏ ਹਨ। ਉਨ੍ਹਾਂ ਕਿਹਾ ਕਿ ਸ਼ੱਕ ਹੈ ਕਿ ਕੰਪਨੀ ਲੋਕਾਂ ਦਾ ਪੈਸਾ ਲੈ ਕੇ ਫਰਾਰ ਹੋ ਚੁੱਕੀ ਹੈ। ਇਸ ਮੌਕੇ ਕੋਟਕਪੂਰਾ ਦੇ ਰਮਨ ਸ਼ਰਮਾ ਨੇ ਦੱਸਿਆ ਕਿ ਉਸਨੇ ਡੇਢ ਸਾਲ ਪਹਿਲਾਂ ਕੰਪਨੀ ਵਿਚ 23,000 ਰੁਪਏ ਲਗਾਏ ਸਨ ਜਿਸ 'ਚੋਂ 5 ਹਜ਼ਾਰ ਰੁਪਏ ਉਸਨੂੰ ਵਾਪਸ ਵੀ ਮਿਲੇ ਸਨ ਪਰ ਬਾਕੀ ਡੁੱਬ ਗਏ ਹਨ, ਜਦਕਿ ਬਠਿੰਡਾ ਦੇ ਰਾਮ ਬਾਬੂ ਨੇ 22 ਹਜ਼ਾਰ, ਸੁਨੀਲ ਕੁਮਾਰ ਨੇ 6 ਹਜ਼ਾਰ ਤੇ ਹੋਰ ਕਈ ਵਿਅਕਤੀਆਂ ਨੇ ਇਥੇ ਹਜ਼ਾਰਾਂ ਰੁਪਏ ਲਗਾਏ ਹੋਏ ਸਨ। ਇਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਹੋਰ ਵੀ ਹਜ਼ਾਰਾਂ ਲੋਕ ਐਸੇ ਹਨ, ਜਿਨ੍ਹਾਂ ਨੇ ਕੰਪਨੀ ਕੋਲ ਪੈਸਾ ਲਾਇਆ ਹੈ। ਉਨ੍ਹਾਂ ਦੱਸਿਆ ਕਿ ਉਹ ਜਦੋਂ ਵੀ ਦਫ਼ਤਰ 'ਚ ਆਉਂਦੇ ਤਾਂ ਹਰ ਵਾਰ ਨਵੇਂ ਚਿਹਰੇ ਹੀ ਦੇਖਣ ਨੂੰ ਮਿਲਦੇ ਸਨ। ਇਸ ਲਈ ਸ਼ੱਕ ਹੈ ਕਿ ਕੰਪਨੀ ਫਰਾਰ ਹੋ ਗਈ ਹੈ ਤੇ ਲੋਕਾਂ ਦੇ ਕਰੋੜਾਂ ਰੁਪਏ ਡੁੱਬ ਗਏ ਹਨ। ਐੱਸ. ਐੱਸ. ਪੀ. ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਫਿਲਹਾਲ ਕੋਈ ਸ਼ਿਕਾਇਤ ਨਹੀਂ ਮਿਲੀ ਪਰ ਉਹ ਪੜਤਾਲ ਕਰ ਰਹੇ ਹਨ ਕਿ ਕੰਪਨੀ ਸੱਚਮੁੱਚ ਫਰਾਰ ਹੋ ਗਈ ਹੈ ਜਾਂ ਕਿਸੇ ਹੋਰ ਕਾਰਨਾਂ ਸਦਕਾ ਦਫ਼ਤਰ ਬੰਦ ਪਿਆ ਹੈ।