ਅਜੇ ਵੀ ਤਾਂਘ ਬਾਕੀ ਏ, ਜਜ਼ਬਿਆਂ ਦੀ ਸਾਂਝ ਬਾਕੀ ਏ...

ਚਮਿਆਰੀ, 29 ਨਵੰਬਰ--'47 ਦੇ ਕਹਿਰ ਨੂੰ ਯਾਦ ਕਰਦਿਆਂ, ਆਪਣਿਆਂ ਦੀਆਂ ਕਬਰਾਂ ਲੱਭਦਿਆਂ ਚੀਸਾਂ ਉਠਦੀਆਂ ਨੇ ਤੇ ਪੀੜ ਜਰੀ ਨਹੀਂ ਜਾਂਦੀ, ਅਜਿਹਾ ਹੀ ਕੁਝ ਹੋਇਆ ਆਪਣੇ ਜੱਦੀ ਪਿੰਡ ਚਮਿਆਰੀ ਵਿਖੇ ਪਾਕਿਸਤਾਨ ਤੋਂ ਆਏ ਸ਼ੇਖੂਪੁਰਾ ਹਲਕੇ ਦੇ ਐੱਮ. ਪੀ. ਰਾਣਾ ਤਨਵੀਰ ਅਹਿਮਦ ਨਾਸਿਰ ਨਾਲ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਲੱਭਦਿਆਂ। ਰਾਣਾ ਤਨਵੀਰ ਅਹਿਮਦ ਦੇ ਆਉਣ ਦੀ ਖਬਰ ਛੇਤੀ ਹੀ ਸਾਰੇ ਪਿੰਡ ਵਿਚ ਜੰਗਲ ਦੀ ਅੱਗ ਵਾਂਗ ਫ਼ੈਲ ਗਈ ਤੇ ਫ਼ਿਰ ਸ਼ੁਰੂ ਹੋਇਆ ਉਸ ਵਲੋਂ ਆਪਣੇ ਖਾਨਦਾਨ ਦੇ ਬੀਤੇ ਨੂੰ ਫ਼ਰੋਲਣ ਦਾ ਸਿਲਸਿਲਾ। ਰਾਣਾ ਤਨਵੀਰ ਜਦੋਂ ਆਪਣੇ ਦਾਦੇ ਦੇ ਜਾਣਕਾਰਾਂ ਤੇ ਪਿਤਾ ਦੇ ਹਾਣੀਆਂ ਨੂੰ ਮਿਲਿਆ ਤਾਂ ਇਕ ਵਾਰ ਇੰਝ ਲੱਗਾ ਜਿਵੇਂ ਸਮਾਂ ਹੀ ਰੁਕ ਗਿਆ ਹੋਵੇ। ਪੁਰਾਣੇ ਬਜ਼ੁਰਗਾਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਾ ਕਿ ਰਾਣਾ ਤਨਵੀਰ ਦੇ ਖਾਨਦਾਨ ਦੇ ਵਡੇਰੇ ਬਜ਼ੁਰਗ ਚੌਧਰੀ ਮੁਬਾਰਕ ਅਲੀ ਮਹਿਮੂਦ ਖਾਂ ਪਿੰਡ ਦੇ ਨੰਬਰਦਾਰ ਸਨ ਤੇ ਉਨ੍ਹਾਂ ਦੀ ਮਸ਼ਹੂਰ ਬੈਠਕ ਦਾ ਨਾਂ ਮਹਿਮੂਦ ਮੰਜ਼ਿਲ ਸੀ ਤੇ ਇਸ ਥਾਂ 'ਤੇ ਕਦੇ ਅਦਾਲਤ ਲੱਗਦੀ ਹੁੰਦੀ ਸੀ। ਪੁਰਾਣੇ ਬਜ਼ੁਰਗਾਂ ਦੇ ਦੱਸੇ ਅਨੁਸਾਰ 1927 ਨੂੰ ਬਣੀ ਇਸ ਬੈਠਕ ਵਿਚ 1937 ਵਿਚ ਹੋਏ ਇਕ ਇਜਲਾਸ ਦੌਰਾਨ ਮਹਾਤਮਾ ਗਾਂਧੀ ਨੇ ਵੀ ਸ਼ਮੂਲੀਅਤ ਕੀਤੀ ਸੀ। ਆਪਣੇ ਬਾਪੂ ਦੇ ਆੜੀਆਂ ਨੂੰ ਮਿਲਣ ਉਪਰੰਤ ਰਾਣਾ ਤਨਵੀਰ ਆਪਣੇ ਬਜ਼ੁਰਗਾਂ ਦੀਆਂ ਕਬਰਾਂ ਤੇ ਜੱਦੀ ਘਰ ਵਾਲੀ ਥਾਂ 'ਤੇ ਜਾ ਕੇ ਆਪਣੇ ਜਜ਼ਬਾਤਾਂ ਨੂੰ ਰੋਕ ਨਾ ਸਕੇ ਤੇ ਇੰਝ ਆਖਦੇ ਮਹਿਸੂਸ ਹੋ ਰਹੇ ਸਨ ਕਿ ਅਜੇ ਵੀ ਤਾਂਘ ਬਾਕੀ ਏ, ਜਜ਼ਬਿਆਂ ਦੀ ਸਾਂਝ ਬਾਕੀ ਏ। ਆਪਣੇ ਬੀਤੇ ਨੂੰ ਫ਼ਰੋਲਣ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦਾ ਜੁਆਬ ਦਿੰਦਿਆਂ ਐੱਮ. ਪੀ. ਰਾਣਾ ਤਨਵੀਰ ਨੇ ਦੱਸਿਆ ਕਿ ਹਿੰਦੋਸਤਾਨ ਦੇ ਪਛੋਕੜ ਵਾਲੇ ਹਰ ਪਾਕਿਸਤਾਨੀ ਨਾਗਰਿਕ ਦੀ ਦਿਲੀ ਖਾਹਿਸ਼ ਹੈ ਕਿ ਹਿੰਦੋਸਤਾਨ ਜਾਈਏ ਤੇ ਆਪਣੀ ਸਰਜ਼ਮੀਂ ਵੇਖੀਏ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਤੇ ਹਿੰਦੋਸਤਾਨ ਬੇਸ਼ੱਕ ਇਕ-ਦੂਜੇ ਤੋਂ ਵੱਖਰੇ ਹੋ ਚੁੱਕੇ ਹਨ ਪਰ ਇੱਥੋਂ ਦੇ ਲੋਕਾਂ ਦੇ ਦਿਲ ਕਦੇ ਵੱਖ ਨਹੀਂ ਹੋ ਸਕਦੇ। ਉਨ੍ਹਾਂ ਚਮਿਆਰੀ ਵਾਸੀਆਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਕਿਹਾ ਕਿ ਬੇਸ਼ੱਕ ਉਹ ਕਾਮਨਵੈਲਥ ਸਬੰਧੀ ਦਿੱਲੀ ਵਿਚ ਹੋਈ ਇਕ ਬੈਠਕ ਵਿਚ ਹਿੱਸਾ ਲੈਣ ਉਪਰੰਤ ਕਾਫ਼ੀ ਥਾਵਾਂ ਤੋਂ ਘੁੰਮਦਿਆਂ ਇੱਥੇ ਆਏ ਹਨ ਪਰ ਉਹ ਆਪਣੇ ਜੱਦੀ ਪਿੰਡ ਵਾਸੀਆਂ ਤੋਂ ਮਿਲੀ ਮੁਹੱਬਤ ਤੇ ਆਪਣੇ ਪੁਰਾਣੇ ਘਰ ਤੇ ਬਜ਼ੁਰਗਾਂ ਦੀਆਂ ਕਬਰਾਂ ਵਾਲੀ ਥਾਂ 'ਤੇ ਜਾ ਕੇ ਮਿਲੇ ਸਕੂਨ ਨੂੰ ਕਦੇ ਨਹੀਂ ਭੁਲਾ ਸਕਣਗੇ। ਇਸ ਮੌਕੇ ਉਨ੍ਹਾਂ ਨਾਲ ਪਕਿਸਤਾਨ ਤੋਂ ਆਏ ਮਹਿਮੂਦ ਅਹਿਮਦ ਸੈਕਟਰੀ ਪੰਜਾਬ ਅਸੈਂਬਲੀ ਲਹੌਰ ਤੋਂ ਇਲਾਵਾ ਸੰਤ ਮਿਲਖਾ ਸਿੰਘ, ਪਟਵਾਰੀ ਸੁਲੱਖਣ ਸਿੰਘ ਢਿੱਲੋਂ, ਪ੍ਰੇਮ ਸਿੰਘ , ਚੌਧਰੀ ਬਰਕਤ ਮਸੀਹ, ਚੌਧਰੀ ਤਫ਼ੈਲ ਮਸੀਹ, ਚੌਧਰੀ ਸ਼ੀਰੋ ਮਸੀਹ, ਆਤਮਜੀਤ ਸਿੰਘ , ਜਗਦੇਵ ਸਿੰਘ ਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।
No comments:
Post a Comment