ਕਬੱਡੀ ਖਿਡਾਰਣਾਂ ਆਟੋ ਰਿਕਸ਼ਾ 'ਚ ਗਈਆਂ, ਸੁਖਬੀਰ ਦੇਸ਼ ਕੋਲੋਂ ਮੁਆਫੀ ਮੰਗੇ : ਅਮਰਿੰਦਰ
ਜਲੰਧਰ, 22 ਨਵੰਬਰ --ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਪੰਜਾਬ ਦੀ ਸਥਿਤੀ 'ਤੇ ਸ਼ਰਮ ਆਉਣੀ ਚਾਹੀਦੀ ਹੈ, ਕਿਉਂਕਿ ਮਹਿਲਾ ਕਬੱਡੀ ਕੱਪ ਜਿੱਤਣ ਪਿੱਛੋਂ ਖਿਡਾਰਣਾਂ ਆਟੋ ਰਿਕਸ਼ਾ ਵਿਚ ਗਈਆਂ। ਉਨ੍ਹਾਂ ਕਿਹਾ ਕਿ ਕਬੱਡੀ ਕੱਪ ਦੌਰਾਨ ਅਰਧ ਨਗਨ ਨ੍ਰਿਤ, ਡੋਪ ਸਕੈਂਡਲ ਅਤੇ ਮਹਿਲਾ ਭਾਰਤੀ ਟੀਮ ਨਾਲ ਮਾੜਾ ਵਰਤਾਓ ਹੀ ਭਾਰੂ ਰਹੇ। ਇਸ ਲਈ ਸੁਖਬੀਰ ਨੂੰ ਦੇਸ਼ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੱਪ ਜਿੱਤਣ ਪਿੱਛੋਂ ਮਹਿਲਾ ਖਿਡਾਰੀਆਂ ਨਾਲ ਅਜਿਹੇ ਮਾੜੇ ਰਵੱਈਏ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਪੰਜਾਬ ਸਰਕਾਰ ਦਾ ਇਹ ਫਰਜ਼ ਬਣਦਾ ਸੀ ਕਿ ਉਹ ਇਨ੍ਹਾਂ ਖਿਡਾਰੀਆਂ ਨੂੰ ਘਰ ਤਕ ਛੱਡ ਕੇ ਆਉਂਦੀ, ਜਿਨ੍ਹਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਅਧਿਕਾਰੀਆਂ ਨੇ ਇਨ੍ਹਾਂ ਖਿਡਾਰੀਆਂ ਲਈ ਟਰਾਂਸਪੋਰਟ ਸੇਵਾ ਦਾ ਪ੍ਰਬੰਧ ਤਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਹੁਣ ਕਿਸ ਗੱਲ ਲਈ ਮਾਣ ਕਰ ਰਹੇ ਹਨ। ਜੇ ਕਬੱਡੀ ਕੱਪ ਨੂੰ ਸੁਖਬੀਰ ਵਿਸ਼ਵ ਕਬੱਡੀ ਕੱਪ ਕਹਿੰਦੇ ਹਨ ਤਾਂ ਖਿਡਾਰੀਆਂ ਨਾਲ ਵੀ ਚੰਗਾ ਵਰਤਾਓ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਗੱਲ ਸਿੱਧ ਹੋ ਗਈ ਹੈ ਕਿ ਚੋਣਾਂ ਨੂੰ ਵੇਖਦਿਆਂ ਹੀ ਕਬੱਡੀ ਕੱਪ ਦਾ ਆਯੋਜਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਈ ਨੇਤਾ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਹਨ। ਇਸ ਲਈ ਸ਼ਾਇਦ ਇਨ੍ਹਾਂ ਨੇਤਾਵਾਂ ਨੇ ਹੀ ਕਬੱਡੀ ਖਿਡਾਰੀਆਂ ਨੂੰ ਨਸ਼ਾ ਮੁਹੱਈਆ ਕਰਵਾਇਆ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਪੰਥ ਦੀ ਭਾਸ਼ਾ ਅਤੇ ਪੰਥਕ ਕਦਰਾਂ-ਕੀਮਤਾਂ ਨੂੰ ਛੱਡ ਚੁੱਕਾ ਹੈ।
No comments:
Post a Comment