ਅਬੋਹਰ, 24 ਨਵੰਬਰ --ਨਗਰ ਥਾਣਾ ਪੁਲਸ ਨੇ ਆਨੰਦ ਨਗਰੀ ਗਲੀ ਨੰ. 1 ਵਾਸੀ ਪਤੀ-ਪਤਨੀ ਖਿਲਾਫ ਧੋਖਾਦੇਹੀ ਅਤੇ ਬਲਾਤਕਾਰ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ।  ਜਾਣਕਾਰੀ ਅਨੁਸਾਰ ਸੁਨੀਤਾ (ਅਸਲੀ ਨਾਂ ਨਹੀਂ) ਨੇ ਜ਼ਿਲਾ ਪੁਲਸ ਕਪਤਾਨ ਨੂੰ ਦਿਤੀ ਲਿਖਤੀ ਸ਼ਿਕਾਇਤ ਵਿਚ ਦਸਿਆ ਕਿ ਉਸਦੇ ਪਤੀ ਦੀ ਇਕ ਹਾਦਸੇ ਦੌਰਾਨ 1992 ਵਿਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸਦੇ ਜੀਜਾ ਹਰੀ ਸਿੰਘ ਨੇ ਇਹ ਆਖ ਕੇ ਉਸਨੂੰ ਆਪਣੇ ਕੋਲ ਰੱਖ ਲਿਆ ਕਿ ਤੇਰੀ ਅਤੇ ਤੇਰੇ ਬੱਚੇ ਦੀ ਦੇਖਭਾਲ ਮੈਂ ਕਰਾਂਗਾ। ਇਸ 'ਤੇ ਉਸਦੇ ਪਰਿਵਾਰ ਵਾਲੇ ਵੀ ਸਹਿਮਤ ਹੋ ਗਏ ਅਤੇ ਉਹ ਹਰੀ ਸਿੰਘ ਕੋਲ ਅਬੋਹਰ ਰਹਿਣ ਲੱਗ ਪਈ। ਉਸਦੇ ਪਤੀ ਦੀ ਮੌਤ 'ਤੇ ਮੁਆਵਜ਼ੇ ਵਜੋਂ ਮਿਲੇ ਡੇਢ ਲੱਖ ਰੁਪਏ ਵੀ ਉਸਦੇ ਜੀਜੇ ਅਤੇ ਭੈਣ ਨੇ ਰੱਖ ਲਏ। ਇਸ ਤੋਂ ਇਲਾਵਾ ਉਸਦੇ ਸਹੁਰੇ ਬੀਕਾਨੇਰ ਵਿਚ ਜੋ ਇਕ ਮਕਾਨ ਸੀ, ਉਹ ਵੀ ਉਸਦੇ ਜੀਜੇ ਨੇ ਕਰੀਬ 20 ਲੱਖ ਵਿਚ ਅਤੇ ਉਸਦੇ ਪਤੀ ਦੀ ਛੋਟੀ ਫੈਕਟਰੀ ਜੋ ਹਨੂੰਮਾਨਗੜ੍ਹ ਵਿਚ ਸੀ, ਨੂੰ ਤਿੰਨ ਲੱਖ ਵਿਚ ਵੇਚ ਦਿੱਤਾ। ਉਸਨੇ ਦੋਸ਼ ਲਾਇਆ ਕਿ ਉਸਦੇ ਜੀਜੇ ਨੇ ਉਸ ਨਾਲ ਸਰੀਰਿਕ ਸੰਬੰਧ ਵੀ ਬਣਾਏ, ਜਿਸ ਨਾਲ ਉਹ ਗਰਭਵਤੀ ਹੋ ਗਈ ਪਰ ਘਰਦਿਆਂ ਦੇ ਕਹਿਣ 'ਤੇ ਉਸਨੇ ਗਰਭਪਾਤ ਅਤੇ ਨਸਬੰਦੀ ਆਪਰੇਸ਼ਨ ਵੀ ਕਰਵਾ ਦਿੱਤਾ। ਹੁਣ ਜਦੋਂ ਉਸਨੇ ਆਪਣੇ ਹਿੱਸੇ ਦੀ ਜਾਇਦਾਦ ਮੰਗੀ ਤਾਂ ਹਰੀ ਸਿੰਘ ਨੇ ਦੇਣ ਤੋਂ ਨਾਂਹ ਕਰ ਦਿੱਤੀ। ਹਰੀ ਸਿੰਘ ਨਾਲ ਉਸਦੀ ਪਤਨੀ ਮੀਨਾ ਅਤੇ ਪੁੱਤਰ ਵੀ ਮਿਲ ਗਏ ਹਨ। ਪੁਲਸ ਕਪਤਾਨ ਨੇ ਮਾਮਲੇ ਦੀ ਜਾਂਚ ਅਬੋਹਰ ਦੇ ਡੀ. ਐੱਸ. ਪੀ. ਹਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਪੀੜਤਾ ਨੇ ਗਰਭਪਾਤ ਕਰਵਾਉਣ ਤੇ ਆਪ੍ਰੇਸ਼ਨ ਕਰਵਾਉਣ ਸੰਬੰਧੀ ਸਾਰਾ ਰਿਕਾਰਡ ਜਾਂਚ ਅਧਿਕਾਰੀ ਨੂੰ ਸੌਂਪ ਦਿੱਤਾ ਹੈ। ਮਾਮਲੇ ਦੀ ਜਾਂਚ ਉਪਰੰਤ ਨਗਰ ਥਾਣਾ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਉਸਦੇ ਜੀਜੇ ਹਰੀ ਸਿੰਘ, ਭੈਣ ਮੀਨਾ, ਭਾਣਜੇ ਸਾਗਰ ਤੇ ਰਣਵੀਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਹਰੀ ਸਿੰਘ ਨੇ ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਸੈਸ਼ਨ ਅਦਾਲਤ ਵਿਚ ਲਗਾਈ ਪਰ ਮਾਣਯੋਗ ਜੱਜ ਨੇ ਦੋਵਾਂ ਪੱਖਾਂ ਦੀ ਬਹਿਸ ਸੁਣਨ ਤੋਂ ਬਾਅਦ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ। ਕਥਿਤ ਦੋਸ਼ੀ ਅਜੇ ਫਰਾਰ ਦੱਸੇ ਜਾ ਰਹੇ ਹਨ।