ਬੇਟਾ-ਬੇਟੀ ਦੀ ਹੱਤਿਆ ਪਿੱਛੋਂ ਔਰਤ ਨੇ ਕੀਤੀ ਆਤਮਹੱਤਿਆ ਦੀ ਕੋਸ਼ਿਸ਼

ਜਲੰਧਰ, 25 ਨਵੰਬਰ --ਸ਼ੁੱਕਰਵਾਰ ਇਕ ਔਰਤ ਨੇ ਆਪਣੇ ਬੇਟਾ-ਬੇਟੀ ਦੀ ਗਲਾ ਘੋਟ ਕੇ ਹੱਤਿਆ ਕਰਨ ਪਿੱਛੋਂ ਖੁਦ ਵੀ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਸ਼ਹਿਰ ਦੇ ਰਾਮਾ ਮੰਡੀ ਪੁਲਸ ਥਾਣਾ ਇੰਚਾਰਜ ਬਰਜਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਨਿਊ ਬੁੱਢਾ ਜੀ ਨਗਰ ਵਿਖੇ ਸ਼ੁੱਕਰਵਾਰ ਸਵੇਰੇ ਇਕ ਔਰਤ ਨੇ ਆਪਣੇ 2 ਬੱਚਿਆਂ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ, ਫਿਰ ਉਸਨੇ ਖੁਦ ਜ਼ਹਿਰ ਖਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਪੂਜਾ ਨਾਮੀ ਇਸ ਔਰਤ ਦੇ ਪਤੀ ਦੀ ਚਾਰ ਮਹੀਨੇ ਪਹਿਲਾਂ ਕਿਸੇ ਬੀਮਾਰੀ ਕਾਰਨ ਮੌਤ ਹੋ ਗਈ ਸੀ ਅਤੇ ਉਹ ਆਪਣੇ ਘਰ ਵਿਚ ਆਪਣੀ ਮਾਂ ਸ਼ਾਂਤੀ ਅਤੇ 2 ਬੱਚਿਆਂ 7 ਸਾਲਾ ਸੈਮ ਤੇ 5 ਸਾਲਾ ਮੁਸਕਾਨ ਨਾਲ ਰਹਿੰਦੀ ਸੀ। ਵੀਰਵਾਰ ਸ਼ਾਮ ਨੂੰ ਉਸਦੀ ਮਾਂ ਅੰਮ੍ਰਿਤਸਰ ਆਪਣੇ ਘਰ ਚਲੀ ਗਈ ਸੀ। ਥਾਣਾ ਇੰਚਾਰਜ ਮੁਤਾਬਕ ਪਤੀ ਰਾਜੀਵ ਦੀ ਮੌਤ ਪਿੱਛੋਂ ਉਹ ਬੇਹੱਦ ਨਿਰਾਸ਼ ਰਹਿਣ ਲੱਗ ਪਈ ਸੀ। ਸ਼ੁੱਕਰਵਾਰ ਸਵੇਰੇ ਉਸਨੇ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਕਿਹਾ ਕਿ ਮੈਂ ਰਾਜੀਵ ਤੋਂ ਬਿਨਾਂ ਨਹੀਂ ਰਹਿ ਸਕਦੀ। ਦੋਨੋਂ ਬੱਚੇ ਵੀ ਪਿਤਾ ਨੂੰ ਲੱਭ ਰਹੇ ਹਨ। ਹੁਣ ਸ਼ਾਇਦ ਸਾਡੀ ਮੁਲਾਕਾਤ ਕਦੇ ਨਹੀਂ ਹੋਵੇਗੀ। ਇਸ ਪਿੱਛੋਂ ਉਸਦੀ ਮਾਂ ਨੇ ਪੂਜਾ ਦੇ ਜੇਠ ਨੂੰ ਫੋਨ ਕਰਕੇ ਇਸ ਸੰਬੰਧੀ ਸੂਚਨਾ ਦਿੱਤੀ। ਜਦੋਂ ਉਸਦਾ ਜੇਠ ਘਰ ਪੁੱਜਾ ਤਾਂ ਤਿੰਨੋਂ ਬੇਹੋਸ਼ ਪਏ ਹੋਏ ਸਨ। ਇਕ ਸਥਾਨਕ ਡਾਕਟਰ ਨੇ ਸੈਮ ਤੇ ਮੁਸਕਾਨ ਨੂੰ ਮ੍ਰਿਤਕ ਕਰਾਰ ਦਿੱਤਾ, ਜਦੋਂਕਿ ਪੂਜਾ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਲਈ ਕਿਹਾ। ਪੁਲਸ ਮੁਤਾਬਕ ਪੂਜਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਸ਼ੁੱਕਰਵਾਰ ਰਾਤ ਤਕ ਵੀ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਸੀ, ਉਸਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ। ਪੁਲਸ ਨੇ ਪੂਜਾ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਪੂਜਾ ਦੀ ਮਾਂ ਸ਼ਾਂਤੀ ਦਾ ਕਹਿਣਾ ਹੈ ਕਿ ਪੂਜਾ ਨੂੰ ਕਿਸੇ ਤਰ੍ਹਾਂ ਦਾ ਅਵਸਾਦ ਨਹੀਂ ਸੀ। ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
Tags :Tehlka Punjab
No comments:
Post a Comment