ਫਿਲੌਰ, 29 ਨਵੰਬਰ--ਫਿਲੌਰ ਦਾ ਇਕ ਬਹੁਤ ਵੱਡਾ ਉਦਯੋਗਿਕ ਘਰਾਣਾ, ਜੋ ਖਾਣ-ਪੀਣ ਦੀਆਂ ਚੀਜ਼ਾਂ ਬਣਾਉਂਦਾ ਹੈ, ਉਸ ਵਿਚ ਕੰਮ ਕਰਨ ਵਾਲੀਆਂ ਲੜਕੀਆਂ ਨਾਲ ਉਥੇ ਹੀ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਪਹਿਲਾਂ ਸਰੀਰਕ ਸਬੰਧ ਬਣਾ ਲਏ ਅਤੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਂਦੇ ਹੋਏ ਉਨ੍ਹਾਂ ਦੇ ਐੱਮ. ਐੱਮ. ਐੱਸ. ਤਿਆਰ ਕਰਕੇ ਨੈੱਟ 'ਤੇ ਵੀ ਪਾ ਦਿੱਤੇ। ਅੱਜ ਉਥੇ ਹੀ ਕੰਮ ਕਰਨ ਵਾਲੀ ਇਕ ਹੋਰ ਲੜਕੀ ਦਾ ਐੱਮ. ਐੱਮ. ਐੱਸ. ਬਾਜ਼ਾਰ ਵਿਚ ਆ ਗਿਆ। ਇਸ ਲੜਕੀ ਨੂੰ ਵੀ ਉਥੇ ਦੇ ਪ੍ਰਬੰਧਕਾਂ ਨੇ ਐੱਮ. ਐੱਮ. ਐੱਸ. ਦਾ ਪਤਾ ਚੱਲਣ ਤੋਂ ਬਾਅਦ ਕੱਢ ਦਿੱਤਾ।
ਉਥੇ ਹੀ ਕੰਮ ਕਰਨ ਵਾਲੀ ਇਕ ਮਹਿਲਾ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਫੈਕਟਰੀ ਵਿਚ ਬਹੁਤ ਜ਼ਿਆਦਾ ਲੜਕੀਆਂ ਕੰਮ ਕਰਦੀਆਂ ਹਨ, ਜਾਂ ਤਾਂ ਉਹ ਪਿਆਰ ਦੇ ਚੱਕਰ ਵਿਚ ਫਸ ਜਾਂਦੀਆਂ ਹਨ ਜਾਂ ਫਿਰ ਪੁਰਸ਼ ਕਰਮਚਾਰੀ ਉਨ੍ਹਾਂ ਦੀ ਕਿਸੇ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਨਾਲ ਸਬੰਧ ਬਣਾਉਂਦੇ ਸਮੇਂ ਉਨ੍ਹਾਂ ਦਾ ਐੱਮ. ਐੱਮ. ਐੱਸ. ਤਿਆਰ ਕਰਕੇ ਉਸ ਨੂੰ ਨੈੱਟ 'ਤੇ ਪਾ ਦਿੰਦੇ ਹਨ। ਉਸਨੇ ਇਕ ਹੋਰ ਹੈਰਾਨੀ ਵਾਲੀ ਗੱਲ ਦੱਸੀ ਕਿ ਜਿੰਨੀਆਂ ਵੀ ਲੜਕੀਆਂ ਦੇ ਅਸ਼ਲੀਲ ਐੱਮ. ਐੱਮ. ਐੱਸ. ਤਿਆਰ ਕੀਤੇ ਹਨ, ਉਹ ਲੜਕੇ ਜ਼ਿਆਦਾਤਰ ਦੂਸਰੇ ਸਟੇਟਾਂ ਤੋਂ ਆਏ ਹਨ ਅਤੇ ਫੈਕਟਰੀ 'ਚ ਕੰਮ ਕਰਦੇ ਹਨ। ਇਹ ਨਹੀਂ ਪਤਾ ਲੱਗ ਸਕਿਆ ਕਿ ਲੜਕੀਆਂ ਦੇ ਅਸ਼ਲੀਲ ਐੱਮ. ਐੱਮ. ਐੱਸ. ਤਿਆਰ ਕਰਨ ਪਿੱਛੇ ਉਨ੍ਹਾਂ ਦਾ ਕੀ ਮਕਸਦ ਹੈ। ਉਨ੍ਹਾਂ ਨੂੰ ਅਸ਼ਲੀਲ ਐੱਮ. ਐੱਮ. ਐੱਸ. ਤਿਆਰ ਕਰਨ ਲਈ ਕੋਈ ਪੈਸੇ ਦਿੰਦਾ ਹੈ ਜਾਂ ਫਿਰ ਕੰਪਨੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਤਹਿਤ ਇਸ ਤਰ੍ਹਾਂ ਦੇ ਐੱਮ. ਐੱਮ. ਐੱਸ. ਤਿਆਰ ਕੀਤੇ ਗਏ ਹਨ। ਚਾਹੇ ਕੁਝ ਵੀ ਹੋਵੇ, ਜਿਨ੍ਹਾਂ ਲੜਕੀਆਂ ਦੇ ਐੱਮ. ਐੱਮ. ਐੱਸ. ਬਾਜ਼ਾਰ ਵਿਚ ਆ ਗਏ ਹਨ, ਉਹ ਹੁਣ ਆਪਣੀ ਪੂਰੀ ਜ਼ਿੰਦਗੀ ਬਦਨਾਮੀ ਅਤੇ ਲਾਚਾਰੀ ਦੇ ਸਾਏ ਵਿਚ ਕੱਟਣ ਲਈ ਮਜਬੂਰ ਹੋ ਗਈਆਂ ਹਨ, ਜਿਨ੍ਹਾਂ ਨੂੰ ਸਮਾਜ ਵਿਚ ਬੁਰੀ ਨਿਗ੍ਹਾ ਨਾਲ ਦੇਖਿਆ ਜਾਵੇਗਾ।
ਇਸ ਸਬੰਧ ਵਿਚ ਪੁੱਛਣ 'ਤੇ ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਉਨ੍ਹਾਂ ਦੇ ਧਿਆਨ 'ਚ ਹੈ ਅਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਖਤ ਐਕਸ਼ਨ ਲਿਆ ਹੈ ਅਤੇ ਉਨ੍ਹਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਵਿਚ ਕੰਮ ਕਰਨ ਵਾਲੀਆਂ ਲੜਕੀਆਂ ਅਤੇ ਲੜਕਿਆਂ 'ਤੇ ਉਹ ਪੂਰਾ ਧਿਆਨ ਰੱਖਦੇ ਹਨ ਪਰ ਜਦ ਇਹ ਕੰਮ ਤੋਂ ਛੁੱਟੀ ਕਰਕੇ ਚਲੇ ਜਾਂਦੇ ਹਨ ਤਾਂ ਇਸ ਤਰ੍ਹਾਂ ਦੇ ਕੰਮ ਨੂੰ ਅੰਜਾਮ ਦਿੰਦੇ ਹਨ।

ਜਗਬਾਣੀ ਅਦਾਰੇ ਦਾ ਮੁੱਖ  ਮਕਸਦ ਲੋਕਾਂ 'ਚ ਜਾਗਰੂਕਤਾ ਲਿਆਉਣਾ ਹੈ ਕਿ ਸਾਡੀ ਯੁਵਾ ਪੀੜੀ ਇਹੋ ਜਿਹੀਆਂ ਬੁਰਾਈਆਂ ਤੋਂ ਬਚੇ ਅਤੇ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਸੰਭਾਲ ਕੇ ਰੱਖੇ। ਲੜਕੀਆਂ ਤੇ ਲੜਕਿਆਂ ਨੂੰ ਇਨ੍ਹਾਂ ਖ਼ਬਰਾਂ ਰਾਹੀ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਇਹੋ ਜਿਹਾ ਕੋਈ ਕੰੰਮ ਨਾ ਕਰਨ, ਜਿਸ ਨਾਲ ਉਨ੍ਹਾਂ ਵੱਲ ਜਾਂ ਪੰਜਾਬ ਦੇ ਸੱਭਿਆਚਾਰ ਵੱਲ ਉਂਗਲਾਂ ਉੱਠਣ, ਨਾ ਕਿ ਕਿਸੀ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਹੈ।