29 ਜਾਨਾਂ ਬਚਾਉਣ ਵਾਲਾ ਓਬਰਾਏ
ਜਲੰਧਰ, 26 ਨਵੰਬਰ -- ਡੁਬਈ ਵਿਚ ਵਾਪਰੇ ਤਿੰਨ ਵੱਖ-ਵੱਖ ਕੇਸਾਂ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ 29 ਪੰਜਾਬੀ ਗੱਭਰੂਆਂ (ਜਿਨ੍ਹਾਂ ਵਿਚ ਦੋ ਪਾਕਿਸਤਾਨੀ ਪੰਜਾਬੀ ਵੀ ਸਨ) ਦੀਆਂ ਜਾਨਾਂ ਬਚਾਉਣ ਵਾਲੇ ਡੁਬਈ ਦੇ ਪੰਜਾਬੀ ਉਦਯੋਗਪਤੀ ਸ. ਐੱਸ. ਪੀ. ਸਿੰਘ ਓਬਰਾਏ ਦਾ ਪ੍ਰਵਾਸੀ ਭਾਰਤੀਆਂ ਵਲੋਂ 28 ਨਵੰਬਰ ਨੂੰ 1 ਵਜੇ ਇਥੇ ਪ੍ਰੈਜ਼ੀਡੈਂਟ ਹੋਟਲ ਵਿਚ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਐੱਨ. ਆਰ. ਆਈ. ਸਭਾ ਦੇ ਸਾਬਕਾ ਪ੍ਰਧਾਨ ਸ. ਪ੍ਰੀਤਮ ਸਿੰਘ ਨਾਰੰਗਪੁਰ ਨੇ ਦੱਸਿਆ ਕਿ ਓਬਰਾਏ ਵਲੋਂ ਕੀਤਾ ਗਿਆ ਇਹ ਕਾਰਜ ਮਨੁੱਖਤਾ ਦੇ ਨਜ਼ਰੀਏ ਤੋਂ ਬਹੁਤ ਮਹਾਨ ਹੈ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸ. ਓਬਰਾਏ ਨੇ ਪੀੜਤ ਪਰਿਵਾਰਾਂ ਨੂੰ ਕਰੋੜਾਂ ਰੁਪਏ ਦੀ 'ਬਲੱਡ ਮਨੀ' ਅਦਾ ਕਰਕੇ ਉਕਤ ਨੌਜਵਾਨਾਂ ਦੀ ਜ਼ਿੰਦਗੀ ਫਾਂਸੀ ਦੇ ਤਖਤੇ ਤੋਂ ਬਚਾਅ ਲਈ ਹੈ। ਇਸ ਦੌਰਾਨ ਸਭਾ ਦੇ ਡਾਇਰੈਕਟਰ ਸਤਨਾਮ ਚਾਨਾ ਅਤੇ ਜੋਗਿੰਦਰ ਸਿੰਘ ਭੰਗਾਲੀਆ ਨੇ ਦੱਸਿਆ ਕਿ ਇਕ ਕੇਸ ਵਿਚ 17 ਲੜਕਿਆਂ ਨੂੰ ਫਾਂਸੀ ਹੋਈ ਸੀ ਅਤੇ ਦੂਜੇ ਵਿਚ 10 ਪੰਜਾਬੀਆਂ ਨੂੰ ਇਹ ਸਜ਼ਾ ਮਿਲੀ ਸੀ। ਇਹ ਸਾਰੇ ਨੌਜਵਾਨ ਰਿਹਾਅ ਕਰ ਦਿੱਤੇ ਗਏ ਹਨ, ਜਦੋਂਕਿ ਇਕ ਹੋਰ ਕੇਸ ਨਾਲ ਸੰਬੰਧਤ 2 ਨੌਜਵਾਨਾਂ ਦੇ ਮਾਮਲੇ 'ਚ ਜਾਰੀ ਕਾਨੂੰਨੀ ਕਾਰਵਾਈ ਪੂਰੀ ਹੋ ਚੁੱਕੀ ਹੈ ਪਰ ਉਨ੍ਹਾਂ ਨੂੰ ਅਜੇ ਰਿਹਾਅ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ 28 ਨਵੰਬਰ ਦੇ ਸਨਮਾਨ ਸਮਾਰੋਹ ਵਿਚ ਵਿੱਕੀ ਵਾਲੀਆ ਗਜ਼ਲ ਗਾਇਨ ਵੀ ਕਰਨਗੇ।
No comments:
Post a Comment