ਪੁਲਸ ਖਿਲਾਫ ਲਗਾਇਆ ਜਾਮ

ਆਦਮਪੁਰ, 23 ਨਵੰਬਰ --ਬੀਤੇ ਦਿਨੀਂ ਭੇਦਭਰੇ ਹਾਲਾਤ ਵਿਚ ਮਾਰੀ ਗਈ ਪ੍ਰਵਾਸੀ ਭਾਰਤੀ ਜਸਵੀਰ ਸਿੰਘ ਪਰਮਾਰ ਦੀ ਪਤਨੀ ਜਸਵਿੰਦਰ ਕੌਰ ਦੇ ਮਾਮਲੇ 'ਚ ਪਰਿਵਾਰਕ ਮੈਂਬਰ ਅਤੇ ਰਾਜਨੀਤਕ ਆਗੂਆਂ ਨੇ ਚਿਖਾ ਨੂੰ ਅਗਨੀ ਦੇਣ ਦੀ ਬਜਾਏ ਪੰਜਾਬ ਪੁਲਸ ਵਿਰੁੱਧ ਪ੍ਰਵਾਸੀ ਮਜ਼ਦੂਰ ਨੂੰ ਬਲੀ ਦਾ ਬੱਕਰਾ ਬਣਾ ਕੇ ਅਸਲ ਦੋਸ਼ੀਆਂ ਨੂੰ ਕਤਲ ਕੇਸ ਵਿਚੋਂ ਬਰੀ ਕਰਨ ਦੇ ਰੋਸ ਵਿਚ ਜਲੰਧਰ-ਹੁਸ਼ਿਆਰਪੁਰ ਰੋਡ 'ਤੇ ਲੋਕਾਂ ਨੇ ਜਾਮ ਲਗਾ ਦਿੱਤਾ। ਜਾਮ ਲੱਗਣ ਤੋਂ ਇਕ ਘੰਟਾ ਬਾਅਦ ਮੌਕੇ 'ਤੇ ਪੁਲਸ ਲਾਠੀਚਾਰਜ ਦੀ ਤਿਆਰੀ ਨਾਲ ਪੁੱਜੀ ਪਰ ਸ਼ਹਿਰ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਰੋਹ ਅੱਗੇ ਕੁਝ ਨਾ ਕਰ ਸਕੀ। ਇਸ ਦੌਰਾਨ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ, ਐੱਮ. ਐੱਸ. ਵਿਰਦੀ, ਐੱਸ. ਐੱਸ. ਦੂਹੜੇ, ਗੁਰਦਿਆਲ ਸਿੰਘ ਸੱਭਰਵਾਲ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ 'ਤੇ ਲਾਅ ਐਂਡ ਆਰਡਰ ਨੂੰ ਮਲੀਆਮੇਟ ਕਰਨ ਦੇ ਦੋਸ਼ ਲਗਾਏ। ਮ੍ਰਿਤਕ ਜਸਵਿੰਦਰ ਕੌਰ ਦੇ ਪਤੀ ਜਸਵੀਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਮੇਰੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਜਾਪਦਾ ਹੈ ਕਿ ਇਹ ਕਾਰਾ ਇਕ ਵਿਅਕਤੀ ਦਾ ਨਾ ਹੋ ਕੇ ਕਈ ਵਿਅਕਤੀਆਂ ਦਾ ਹੈ, ਜਿਨ੍ਹਾਂ ਨੂੰ ਸਾਹਮਣੇ ਲਿਆਂਦਾ ਜਾਵੇ। ਦੂਜੇ ਪਾਸੇ ਥਾਣਾ ਮੁਖੀ ਅੰਗਰੇਜ਼ ਸਿੰਘ ਨੇ ਕਿਹਾ ਕਿ ਇਸ ਕਤਲ ਦੀ ਨਿਰਪੱਖ ਜਾਂਚ ਹੋਵੇਗੀ ਤੇ ਜਿਹੜਾ ਵੀ ਵਿਅਕਤੀ ਜਾਂ ਔਰਤ ਦੋਸ਼ੀ ਪਾਇਆ ਜਾਵੇਗਾ, ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਆਖਿਰ ਤਿੰਨ ਘੰਟਿਆਂ ਦੇ ਲੰਬੇ ਰੋਸ ਪ੍ਰਦਰਸ਼ਨ ਤੋਂ ਬਾਅਦ ਤਿੰਨ ਵਿਅਕਤੀਆਂ ਅਤੇ ਦੋ ਔਰਤਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ, ਜਿਸ ਤੋਂ ਬਾਅਦ ਰੋਸ ਧਰਨਾ ਖਤਮ ਕਰਕੇ ਮ੍ਰਿਤਕ ਜਸਵਿੰਦਰ ਕੌਰ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਆਦਮਪੁਰ ਵਿਖੇ ਕਰ ਦਿੱਤਾ ਗਿਆ। ਰੋਸ ਪ੍ਰਦਰਸ਼ਨ ਇੰਨਾ ਜ਼ਬਰਦਸਤ ਸੀ ਕਿ ਇਸ ਵਿਚ ਲਾਲ ਬੱਤੀ ਵਾਲੀ ਕਾਰ (ਡੀ. ਆਈ. ਜੀ. ,ਸੀ. ਆਰ. ਪੀ. ਐੱਫ.) ਦੀ ਗੱਡੀ ਵੀ ਜਾਮ ਵਿਚ ਫਸੀ ਰਹੀ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
No comments:
Post a Comment