ਸਰਦੂਲ ਸਿਕੰਦਰ, ਸਾਬਰ ਕੋਟੀ, ਬੂਟਾ ਮੁਹੰਮਦ, ਰਾਏ ਜੁਝਾਰ, ਧੰਮੀ ਹੇਰਾਂ ਵਾਲਾ, ਰੰਜਨ ਰੋਮੀ, ਪ੍ਰਮੋਟਰ ਰੋਮੀ ਟਾਹਲੀ, ਰਣਧੀਰ ਧੀਰਾ, ਮੇਜਰ ਸਾਬ੍ਹ, ਰਾਜਨ ਮੱਟੂ ਨੇ ਜਤਾਇਆ ਰੋਸ

ਜਲੰਧਰ, 29 ਨਵੰਬਰ --ਪੰਜਾਬ ਦੇ ਦੇਸ਼- ਵਿਦੇਸ਼ 'ਚ ਪ੍ਰਸਿੱਧ ਚੋਟੀ ਦੇ ਕਾਮੇਡੀ ਤੇ  ਗਾਇਕ  ਕਲਾਕਾਰਾਂ ਨੇ ਪਿਛਲੇ ਦਿਨੀਂ ਇਕ ਪੰਜਾਬੀ ਟੀ.ਵੀ.ਚੈਨਲ ਵਲੋਂ ਕਰਵਾਏ 'ਲਾਫਟਰ ਦਾ ਮਾਸਟਰ' ਕਾਮੇਡੀ  ਮੁਕਾਬਲੇ ਦੌਰਾਨ ਉੱਭਰਦੇ ਕਾਮੇਡੀ ਕਲਾਕਾਰਾਂ ਵੱਲੋਂ ਸੀਨੀਅਰ ਕਲਾਕਾਰਾਂ ਦਾ ਘਟੀਆ ਸਕਿੱਟਾਂ ਰਾਹੀਂ ਮਖੌਲ ਉਡਾਏ ਜਾਣ ਦਾ ਸਖਤ ਨੋਟਿਸ ਲਿਆ ਹੈ।  ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ  ਕਰਦਿਆਂ ਲੋਕ ਗਾਇਕ ਸਰਦੂਲ ਸਿਕੰਦਰ, ਸਾਬਰ ਕੋਟੀ, ਬੂਟਾ ਮੁਹੰਮਦ, ਰਾਏ ਜੁਝਾਰ, ਧੰਮੀ ਹੇਰਾਂ ਵਾਲਾ, ਰੰਜਨ ਰੋਮੀ, ਪ੍ਰਮੋਟਰ ਰੋਮੀ ਟਾਹਲੀ, ਰਣਧੀਰ ਧੀਰਾ, ਮੇਜਰ ਸਾਬ੍ਹ, ਰਾਜਨ ਮੱਟੂ ਤੇ ਹੋਰਾਂ ਨੇ ਦੱਸਿਆ ਕਿ ਇਕ ਪੰਜਾਬੀ ਟੀ.ਵੀ.ਚੈਨਲ ਵੱਲੋਂ ਅੰਮ੍ਰਿਤਸਰ ਵਿਚ ਕਰਵਾਏ ਕਾਮੇਡੀ ਸ਼ੋਅ ਦੌਰਾਨ ਇਕ ਕਾਮੇਡੀ ਕਲਾਕਾਰ ਨੇ ਬਰਾਤੀਆਂ ਦੇ ਭੁੱਖੇ ਰਹਿਣ ਦੇ ਮਾਮਲੇ 'ਤੇ ਕਾਮੇਡੀ ਗੀਤ ਤਿਆਰ ਕਰਕੇ ਉਸ ਨੂੰ ਸਾਡੇ ਸਤਿਕਾਰ ਦੇ ਪਾਤਰ ਗਾਇਕ ਕਲਾਕਾਰਾਂ ਦਾ ਨਾਂ ਲੈ ਕੇ ਉਨ੍ਹਾਂ ਦੇ ਅੰਦਾਜ਼ ਵਿਚ ਗਾ ਕੇ ਬਹੁਤ ਘਟੀਆ ਮਜ਼ਾਕ ਉਡਾਇਆ। ਇਨ੍ਹਾਂ ਗਾਇਕਾਂ ਵਿਚ ਸਵਰਗੀ  ਲਾਲ ਚੰਦ ਯਮਲਾ ਜੱਟ, ਸੁਰਜੀਤ ਬਿੰਦਰਖੀਆ, ਅਮਰ ਸਿੰਘ ਚਮਕੀਲਾ, ਸਾਬਰ ਕੋਟੀ ਤੇ ਹੋਰ ਗਾਇਕਾਂ ਦੇ ਨਾਂ  ਅਪਮਾਨਜਨਕ ਤਰੀਕੇ ਨਾਲ  ਲੈ ਕੇ ਇਨ੍ਹਾਂ ਦਾ ਮਜ਼ਾਕ ਉਡਾਇਆ ਗਿਆ ਹੈ। ਇਨ੍ਹਾਂ ਗਾਇਕਾਂ ਨੇ ਟੀ.ਵੀ. ਚੈਨਲ ਤੇ ਸੰਬੰਧਤ ਕਾਮੇਡੀ ਕਲਾਕਾਰਾਂ ਨੂੰ ਚਿਤਾਵਨੀ ਦਿਤੀ  ਕਿ ਉਹ ਇਸ ਭੁੱਲ ਲਈ ਮੁਆਫੀ ਮੰਗਣ ਤੇ ਭਵਿੱਖ ਵਿਚ ਕੋਈ ਵੀ ਅਜਿਹੀ ਹਰਕਤ ਕਰਨ ਤੋਂ ਹਰ ਕਾਮੇਡੀ ਕਲਾਕਾਰ ਤੇ ਚੈਨਲ ਬਾਜ਼ ਆਵੇ। ਜੇ ਇਨ੍ਹਾਂ ਕਾਮੇਡੀ ਕਲਾਕਾਰਾਂ ਤੇ ਚੈਨਲਾਂ ਨੇ ਸਾਡੀ ਅਪੀਲ  'ਤੇ ਅਸਰ ਨਾ ਕੀਤਾ ਤਾਂ  ਅਸੀਂ ਕਾਨੂੰਨੀ ਕਾਰਵਾਈ ਕਰਨ ਦੇ ਨਾਲ- ਨਾਲ ਸ਼ਹਿਰ-ਸ਼ਹਿਰ ਰੋਸ ਮੁਜ਼ਾਹਰੇ ਵੀ ਕਰਾਂਗੇ। ਕਲਾਕਾਰਾਂ ਨੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ, ਪ੍ਰੋਗਰਾਮ ਦੇ ਜੱਜ ਜਸਵਿੰਦਰ ਭੱਲਾ ਤੇ ਸਵਿਤਾ ਭੱਟੀ ਵਰਗੇ  ਸੀਨੀਅਰ ਕਲਾਕਾਰਾਂ ਪ੍ਰਤੀ ਵੀ ਰੋਸ ਪ੍ਰਗਟ ਕੀਤਾ ਕਿ ਉਨ੍ਹਾਂ ਦੇ ਸਾਹਮਣੇ ਸਤਿਕਾਰਿਤ ਕਲਾਕਾਰਾਂ ਦਾ ਅਪਮਾਨ ਹੁੰਦਾ ਰਿਹਾ ਪਰ ਉਨ੍ਹਾਂ ਦੀ ਜਮੀਰ ਨਾ ਜਾਗੀ ਤੇ ਉਹ ਚੈਨਲਾਂ 'ਤੇ ਹੱਸੇ ਜਾਂਦੇ 'ਪੇਡ ਹਾਸੇ' ਵਾਂਗ ਹੱਸਦੇ ਰਹੇ।