ਅਕਾਲੀ ਦਲ ਲਈ ਗਲੇ ਦੀ ਹੱਡੀ ਬਣਿਆ ਹਲਕਾ ਆਦਮਪੁਰ
ਜਲੰਧਰ, 13 ਦਸੰਬਰ -- ਜਲੰਧਰ ਜ਼ਿਲੇ ਨਾਲ ਸੰਬੰਧਿਤ ਚਾਰ ਰਾਖਵੇਂ ਹਲਕਿਆਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਉਂਦੇ ਤਿੰਨ ਹਲਕਿਆਂ ਵਿਚੋਂ ਪਹਿਲੀ ਵਾਰ ਰਿਜ਼ਰਵ ਹੋਇਆ ਆਦਮਪੁਰ ਹਲਕਾ ਇਕ ਤਰ੍ਹਾਂ ਨਾਲ ਪਾਰਟੀ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਹਲਕਾ ਰਿਜ਼ਰਵ ਹੁੰਦਿਆਂ ਸਾਰ ਹੀ ਮੌਜੂਦਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੀ ਸਲਾਹ ਨਾਲ ਬਸਪਾ ਤੋਂ ਆਏ ਪਵਨ ਕੁਮਾਰ ਟੀਨੂੰ ਨੂੰ ਹਲਕਾ ਇੰਚਾਰਜ ਲਗਾਇਆ ਗਿਆ। ਇਹ ਇਕ ਤਰ੍ਹਾਂ ਨਾਲ ਉਸ ਦੀ ਸੰਭਾਵੀ ਉਮੀਦਵਾਰੀ ਵੱਲ ਇਸ਼ਾਰਾ ਹੀ ਸੀ ਪਰ ਸਿਆਸੀ ਸੁਘੜਤਾ ਦੀ ਘਾਟ ਕਰ ਕੇ ਉਸ ਨੇ ਵਿਧਾਇਕ ਦੇ ਕਰਤਾ-ਧਰਤਾ ਗਿਆਰਾਂ ਮੈਂਬਰੀ ਗਰੁੱਪ ਨੂੰ ਨਾਰਾਜ਼ ਕਰ ਲਿਆ ਅਤੇ ਉਹ ਗਰੁੱਪ ਖੁਲ੍ਹੇਆਮ ਸ਼੍ਰੀ ਟੀਨੂੰ ਦੇ ਵਿਰੋਧ ਵਿਚ ਆ ਗਿਆ। ਇਸ ਤੋਂ ਪਹਿਲਾਂ ਹਲਕੇ ਵਿਚ ਗੁਰਦਿਆਲ ਸਿੰਘ ਕਾਲਰਾ ਅਤੇ ਗੁਰਦਿਆਲ ਸਿੰਘ ਨਿੱਝਰ ਅਤੇ ਜਥੇਦਾਰ ਧੀਰੋਵਾਲ ਦੇ ਦੋ ਗਰੁੱਪ ਆਹਮੋ-ਸਾਹਮਣੇ ਸਨ। ਇਕ ਗਰੁੱਪ ਦੇ ਟੀਨੂੰ ਦੇ ਵਿਰੋਧ ਵਿਚ ਤੇ ਦੂਜੇ ਦੇ ਹੱਕ ਵਿਚ ਨਿਤਰਨ ਕਰ ਕੇ ਹਾਲਾਤ ਗੁੰਝਲਦਾਰ ਬਣਦੇ ਗਏ, ਇਥੋਂ ਤਕ ਕਿ ਮੁੱਖ ਮੰਤਰੀ ਪ੍ਰਕਾਸ਼² ਸਿੰਘ ਬਾਦਲ ਕੋਲ ਵੀ ਗਿਆਰਾਂ ਮੈਂਬਰੀ ਗਰੁੱਪ ਨੇ ਆਪਣੇ ਸਾਥੀਆਂ ਨਾਲ ਖੁੱਲ੍ਹਾ ਵਿਰੋਧ ਕਰ ਦਿਤਾ। ਇਸ Îਭੜਕਦੀ ਚੰਗਿਆੜੀ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਭਾਂਬੜ ਦੇ ਰੂਪ ਵਿਚ ਬਦਲ ਦਿਤਾ। ਪਾਰਟੀ ਹਾਈਕਮਾਂਡ ਨੇ ਸ਼੍ਰੀ ਟੀਨੂੰ ਨੂੰ ਸੰਭਲ ਕੇ ਚੱਲਣ ਦੀ ਸਲਾਹ ਦਿਤੀ ਪਰ ਹਾਲਾਤ ਉਸ ਦੇ ਕਾਬੂ ਵਿਚ ਨਹੀਂ ਹੋ ਰਹੇ। ਨਿੱਝਰ ਧੀਰੋਵਾਲ ਗਰੁੱਪ ਦੇ ਉਮੀਦਵਾਰ ਸ਼੍ਰੋਮਣੀ ਕਮੇਟੀ ਦੀ ਚੋਣ ਹਾਰ ਗਏ। ਹਲਕੇ ਵਿਚ ਨਵੇਂ ਸਮੀਕਰਨ ਉਭਰਨ ਲੱਗੇ। ਆਮ ਚਰਚਾ ਅਤੇ ਮੀਡੀਏ ਵਿਚ ਸ਼੍ਰੀ ਟੀਨੂੰ ਦੀ ਪਤਲੀ ਹਾਲਤ ਬਾਰੇ ਚਰਚਾ ਹੋਣ ਲੱਗ ਪਈ ਅਤੇ ਰਹਿੰਦੀ ਕਸਰ 4 ਦਸੰਬਰ ਨੂੰ ਸੰਗਤ ਦਰਸ਼ਨ ਵਿਚ ਸ. ਬਾਦਲ ਨੇ ਇਹ ਕਹਿ ਕੇ ਕੱਢ ਦਿਤੀ ਕਿ ਉਸ ਨੇ ਪੰਜਾਬ ਭਰ ਵਿਚ ਕਿਸੇ ਨੂੰ ਹਲਕਾ ਇੰਚਾਰਜ ਨਹੀਂ ਲਾਇਆ ਕਿਉਂਕਿ ਪਾਰਟੀ ਵਿਧਾਨ ਵਿਚ ਅਜਿਹੀ ਵਿਵਸਥਾ ਹੀ ਨਹੀਂ ਹੈ। ਇਸ ਗੱਲ ਨੇ ਕਾਲਰਾ ਧੜੇ ਨੂੰ ਹੋਰ ਹੁਲਾਰਾ ਦਿਤਾ ਅਤੇ ਉਨ੍ਹਾਂ ਨੇ ਟੀਨੂੰ ਖਿਲਾਫ 13 ਦਸੰਬਰ ਨੂੰ ਪਤਾਰੇ ਵਿਚ ਰੈਲੀ ਰੱਖ ਲਈ। ਜੇ ਨਿਰਪੱਖ ਸਿਆਸੀ ਲੋਕਾਂ ਦੀ ਮੰਨੀਏ ਤਾਂ ਟੀਨੂੰ ਦਾ ਵਿਰੋਧ ਟਕਸਾਲੀ ਅਕਾਲੀ ਆਗੂਆਂ ਨੂੰ ਅਣਗੌਲੇ ਕਰਨਾ, ਹਲਕੇ ਤੋਂ ਬਾਹਰ ਦਾ ਹੋਣ, ਗੈਰ ਅਕਾਲੀ ਪਿਛੋਕੜ ਅਤੇ ਤੱਲ੍ਹਣ ਕਾਂਡ ਕਰ ਕੇ ਹੋ ਰਿਹਾ ਹੈ। ਅਕਾਲੀ ਦਲ ਦੇ ਦੋਵੇਂ ਧੜੇ ਹਲਕੇ ਦੇ ਉਮੀਦਵਾਰ ਦੀ ਹਾਮੀ ਭਰਦੇ ਨਜ਼ਰ ਆਉਂਦੇ ਹਨ ਜਦੋਂਕਿ ਬਸਪਾ ਨੇ ਆਪਣਾ ਉਮੀਦਵਾਰ ਸ਼੍ਰੀ ਸੁਖਵਿੰਦਰ ਕੋਟਲੀ ਨੂੰ ਐਲਾਨ ਕੀਤਾ ਹੋਇਆ ਹੈ ਅਤੇ ਕਾਂਗਰਸ ਵਲੋਂ ਸ਼੍ਰੀ ਸਤਨਾਮ ਕੈਂਥ ਨੂੰ ਐਲਾਨ ਕੀਤੇ ਜਾਣ ਬਾਰੇ ਚਰਚਾ ਹੈ। ਪੀ. ਪੀ. ਪੀ. ਨੇ ਵੀ ਕਾਂਗਰਸ ਜਾਂ ਅਕਾਲੀ ਬਾਗੀ ਉਪਰ ਅੱਖ ਟਿਕਾਈ ਹੋਈ ਹੈ। ਅਕਾਲੀ ਦਲ ਵਿਚ ਵੀ ਕੁਝ ਸੰਭਾਵੀ ਉਮੀਦਵਾਰਾਂ ਦੇ ਨਾਂ ਚਰਚਾ ਵਿਚ ਹਨ ਜਿਨ੍ਹਾਂ ਵਿਚ ਸ਼੍ਰੀ ਦਰਸ਼ਨ ਲਾਲ ਜੇਠੂਮਜਾਰਾ, ਡਾ. ਹਰਜਿੰਦਰ ਸਿੰਘ ਜੱਖੂ, ਸ਼੍ਰੀ ਗਿਆਨ ਚੰਦ ਅਤੇ ਪ੍ਰੋ. ਹਰਬੰਸ ਸਿੰਘ ਬੋਲੀਨਾ ਸ਼ਾਮਲ ਹਨ ਪਰ ਇਨ੍ਹਾਂ ਵਿਚੋਂ ਮਜ਼ਬੂਤ ਦਾਅਵੇਦਾਰੀ ਪ੍ਰੋ. ਬੋਲੀਨਾ ਅਤੇ ਸ਼੍ਰੀ ਗਿਆਨ ਚੰਦ ਦੀ ਹੈ। ਹਲਕੇ ਤੋਂ ਬਾਹਰਲੇ ਗਿਆਨ ਚੰਦ ਦੇ ਹੱਕ ਵਿਚ ਇਕੋ ਇਕ ਗੱਲ ਜਾਂਦੀ ਹੈ ਕਿ ਉਹ ਇਕ ਸਾਫ-ਸੁਥਰੇ ਅਕਸ ਵਾਲਾ ਠੰਡਾ ਘੁਲਾਟੀਆ ਹੈ ਪਰ ਗੈਰ-ਅਕਾਲੀ ਹੈ ਜਿਸ ਨੇ ਵਿਆਨਾ ਕਾਂਡ ਉਪਰੰਤ ਦੋਆਬੇ ਵਿਚ ਬਣੇ ਤਣਾਅ ਨੂੰ ਠੱਲ੍ਹਣ ਵਿਚ ਸਰਗਰਮ ਭੂਮਿਕਾ ਨਿਭਾਈ ਅਤੇ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਦੇ ਨੇੜੇ ਆ ਗਿਆ ਅਤੇ ਬਾਬਾ ਹਰਨਾਮ ਸਿੰਘ ਉਸ ਦੀ ਹਾਮੀ ਭਰਦੇ ਨਜ਼ਰ ਆਉਂਦੇ ਹਨ। ਪ੍ਰੋ. ਹਰਬੰਸ ਸਿੰਘ ਬੋਲੀਨਾ ਹਲਕੇ ਦੇ ਉਘੇ ਪਿੰਡ ਬੋਲੀਨਾ ਦੇ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਵਿਦਿਆਰਥੀ ਜੀਵਨ ਤੋਂ ਹੀ ਪੰਥਪ੍ਰਸਤ ਹਨ। ਸਿਆਸੀ ਅਤੇ ਧਾਰਮਿਕ ਹਲਕਿਆਂ ਵਿਚ ਉਨ੍ਹਾਂ ਦੀ ਸਲਾਹ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਪ੍ਰੋ. ਬੋਲੀਨਾ ਇਕ ਨੇਕ ਅਤੇ ਪਰਉਪਕਾਰੀ ਸ਼ਖਸੀਅਤ ਵਜੋਂ ਜਾਣੇ ਜਾਂਦੇ ਹਨ ਅਤੇ ਹਲਕਾ ਆਦਮਪੁਰ ਵਿਚ ਉਨ੍ਹਾਂ ਦੇ ਵਿਦਿਆਰਥੀਆਂ ਦੀ ਬਹੁਤ ਵੱਡੀ ਗਿਣਤੀ ਹੈ। ਸੰਤ ਸਮਾਜ ਅਤੇ ਵਿਸ਼ੇਸ਼ ਕਰ ਕੇ ਦੁਆਬੇ ਦੇ ਨਿਰਮਲੇ ਅਤੇ ਹੋਰ ਸੰਪਰਦਾਵਾਂ ਦੇ ਸੰਤ ਮਹਾਪੁਰਸ਼ਾਂ ਵਿਚ ਉਨ੍ਹਾਂ ਦਾ ਬਹੁਤ ਸਤਿਕਾਰ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਐਜੂਕੇਸ਼ਨ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਲਾਹਕਾਰ ਹੋਣ ਕਰ ਕੇ ਸਿਆਸੀ ਗਲਿਆਰਿਆਂ ਵਿਚ ਵੀ ਪਛਾਣ ਬਣੀ ਹੋਈ ਹੈ।
No comments:
Post a Comment