ਜਲੰਧਰ, 29 ਦਸੰਬਰ --ਪੰਜਾਬ ਵਿਚ ਇਕ ਪਾਸੇ ਚੋਣ ਸਰੂਰ ਸਿਖਰਾਂ 'ਤੇ ਹੈ ਅਤੇ ਟਿਕਟਾਂ ਦੇ ਐਲਾਨ ਤੋਂ ਬਾਅਦ ਇਸ ਵਿਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ। ਸਿਆਸੀ ਪਾਰਟੀਆਂ ਆਮ ਲੋਕਾਂ ਅਤੇ ਆਪਣੇ ਵਰਕਰਾਂ ਤੱਕ ਪਹੁੰਚ ਬਣਾਉਣ ਲਈ ਚੰਗੀ ਦੌੜ ਭੱਜ ਕਰ ਰਹੀਆਂ ਹਨ। ਇਸ ਮਾਮਲੇ ਵਿਚ ਸੂਬਾਈ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਬਹੁਤ ਅੱਗੇ ਹਨ, ਜਿਨ੍ਹਾਂ ਦੇ ਆਲੇ-ਦੁਆਲੇ ਆਮ ਵਰਕਰ ਨਹੀਂ ਸਗੋਂ ਕੁਝ ਅਜਿਹੇ ਲੋਕ ਦੇਖੇ ਜਾ ਸਕਦੇ ਹਨ ਜਿਨ੍ਹਾਂ ਵਿਚੋਂ  ਇਕ ਦੋ ਨੂੰ ਛੱਡ ਕੇ ਹੋਰਨਾਂ ਦਾ ਕਾਂਗਰਸ ਪਾਰਟੀ ਨਾਲ ਕੋਈ ਖਾਸ ਵਾਸਤਾ ਨਹੀਂ ਹੈ। ਇਥੋਂ ਤੱਕ ਕਿ ਕਾਂਗਰਸੀ ਇਨ੍ਹਾਂ ਨਿੱਜੀ ਵਜ਼ੀਰਾਂ ਨੂੰ ਆਪਣਾ ਦੁਸ਼ਮਣ ਮੰਨਣ ਲੱਗੇ ਹਨ।
ਸਭ ਤੋਂ ਅੱਗੇ ਅਤੇ ਕੈਪਟਨ ਦੇ ਖਾਸ ਵਿਅਕਤੀਆਂ ਵਿਚੋਂ ਅਰਵਿੰਦ ਖੰਨਾ ਹਨ। ਪਾਰਟੀ ਵਿਚ ਉਹ ਜਨਰਲ ਸਕੱਤਰ ਹਨ। ਉਨ੍ਹਾਂ ਦੀ ਆਗਿਆ ਤੋਂ ਬਿਨਾਂ ਕੈਪਟਨ ਦੇ ਆਲੇ-ਦੁਆਲੇ ਚਿੜੀ ਵੀ ਨਹੀਂ ਫੜਕ ਸਕਦੀ, ਆਮ ਵਰਕਰ ਦੀ ਗੱਲ ਤਾਂ ਦੂਰ ਦੀ ਹੈ। ਸੂਬੇ ਵਿਚ ਪਾਰਟੀ ਦੀ ਸਥਿਤੀ ਲਈ ਸਰਵੇਖਣ ਦਾ ਕੰਮ ਹੋਵੇ ਜਾਂ ਸਰਕਾਰੀ ਸੁਰੱਖਿਆ ਏਜੰਸੀਆਂ ਕੋਲੋਂ ਕੋਈ ਡਾਟਾ ਲੈਣਾ ਹੋਵੇ ਤਾਂ ਖੰਨਾ ਕੋਲ ਬਹੁਤ ਸੂਤਰ ਹਨ।
ਕੈਪਟਨ ਦੇ ਖਾਸਮਖਾਸ ਨੰਬਰ 2 ਕੈਪਟਨ ਸੰਦੀਪ ਕੋਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ  ਵਿਚ ਕੋਈ ਅਹੁਦਾ ਨਹੀਂ ਪਰ ਕਿਸੇ ਵੀ ਸੂਬਾਈ ਪੱਧਰ ਤੋਂ ਲੈ ਕੇ ਜ਼ਿਲਾ ਪੱਧਰ ਦੇ ਅਹੁਦੇਦਾਰਾਂ ਨੇ ਕੈਪਟਨ ਨੂੰ ਮਿਲਣਾ ਹੋਵੇ ਤਾਂ ਉਨ੍ਹਾਂ ਨੂੰ ਪਹਿਲਾਂ ਕੈਪਟਨ ਸੰਦੀਪ ਨੂੰ ਪੁੱਛਣਾ ਪੈਂਦਾ ਹੈ।  ਉਸ ਤੋਂ ਬਾਅਦ ਹੀ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਸਕਦਾ ਹੈ।
ਕੈਪਟਨ ਦੀ ਫੌਜ ਵਿਚ ਇਕ ਹੋਰ ਵਜ਼ੀਰ ਹਨ ਕਰਮਪਾਲ ਸਿੰਘ ਸੇਖੋਂ ਜੋ ਮਹਾਰਾਜਾ ਦੇ ਓ. ਐੱਸ. ਡੀ. ਹਨ। ਇਹ ਜਨਾਬ ਵੱਡੇ-ਵੱਡੇ ਲੋਕਾਂ ਦੀ ਕੈਪਟਨ ਨਾਲ ਮੀਟਿੰਗ ਫਿਕਸ ਕਰਵਾਉਣ ਤੋਂ ਲੈ ਕੇ ਕੈਪਟਨ ਦੇ ਸਾਰੇ ਦਿਨ ਦਾ ਰੂਟ ਸੈੱਟ ਕਰਨ ਦਾ ਕੰਮ ਕਰਦੇ ਹਨ। ਕੈਪਟਨ ਇਨ੍ਹਾਂ 'ਤੇ ਕਾਫੀ ਭਰੋਸਾ ਕਰਦੇ ਹਨ।
ਇਸ ਸੂਚੀ ਵਿਚ ਇਕ ਹੋਰ ਨਾਂ ਹੈ ਮੇਜਰ ਅਮਰਦੀਪ ਦਾ । ਉਂਝ ਤਾਂ ਕੈਪਟਨ ਦੀ ਸੁਰੱਖਿਆ ਲਈ ਸਰਕਾਰ ਵਲੋਂ ਪੁਲਸ ਅਮਲਾ ਤਾਇਨਾਤ ਰਹਿੰਦਾ ਹੈ ਜਿਸ ਵਿਚ ਅਧਿਕਾਰੀ ਵੀ ਸ਼ਾਮਲ ਹਨ ਪਰ ਮੇਜਰ ਅਮਰਦੀਪ ਸਭ ਸਰਕਾਰੀ ਸਟਾਫ ਦੇ ਵੀ ਮੁਖੀ ਬਣਾਏ ਗਏ ਹਨ। ਉਨ੍ਹਾਂ ਤੋਂ ਬਿਨਾਂ  ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕੋਈ ਚਰਚਾ ਨਹੀਂ ਹੁੰਦੀ। ਉਨ੍ਹਾਂ ਦਾ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਾਲ ਦੂਰ-ਦੂਰ ਦਾ ਵਾਸਤਾ ਨਹੀਂ।
ਵਿਮਲ ਸੁੰਬਲੀ ਇਕ ਅਜਿਹਾ ਨਾਂ ਹੈ ਜੋ ਕੈਪਟਨ ਦੇ ਨੇੜਲੇ ਲੋਕਾਂ ਵਿਚ ਲਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਹ ਸਭ ਕੈਪਟਨ ਦੇ ਕਰੀਬ ਨਹੀਂ ਰਹੇ ਪਰ ਅੱਜ ਕੱਲ ਕੈਪਟਨ ਤੇ ਆਮ ਲੋਕਾਂ ਵਿਚਾਲੇ ਗੱਲਬਾਤ ਵਜੋਂ ਉਹ ਕੰਮ ਕਰ ਰਹੇ ਹਨ ਅਤੇ ਕੈਪਟਨ ਦੇ ਭਾਸ਼ਣ ਨੂੰ ਪ੍ਰੈੱਸ ਨੋਟ ਰਾਹੀਂ ਮੀਡੀਆ ਤੱਕ ਪਹੁੰਚਾਉਣ ਦਾ ਕੰਮ ਵੀ ਕਰਦੇ ਹਨ। ਮੀਡੀਆ ਨਾਲ ਤਾਲਮੇਲ ਰੱਖਣ ਦਾ ਕੰਮ ਵੀ ਜਨਾਬ ਦੇ ਕੋਲ ਹੈ। ਇਸ ਸੂਚੀ ਵਿਚ ਇਕ ਹੋਰ ਨਾਂ ਹੈ ਗੌਤਮਵੀਰ ਸਿੰਘ ਦਾ ਜੋ ਕੈਪਟਨ ਦੀ ਸੂਚੀ ਵਿਚ ਸ਼ਾਮਲ ਹਨ ਅਤੇ ਜੋ ਕੰਮ ਸੁੰਬਲੀ ਨਹੀਂ ਕਰ ਸਕਦੇ, ਉਹ ਕੰਮ ਕੈਪਟਨ ਲਈ ਇਹ ਜਨਾਬ ਕਰਦੇ ਹਨ। ਕਿਤੇ ਵੀ ਕੋਈ ਰੈਲੀ ਹੋਣੀ ਹੋਵੇ ਤਾਂ ਉਥੇ ਜਾ ਕੇ ਪਹਿਲਾਂ ਜਾ ਕੇ ਮੀਡੀਆ ਨਾਲ ਸੰਪਰਕ ਕਾਇਮ ਕਰਨ ਤੋਂ ਲੈ ਕੇ ਰੈਲੀ ਦੌਰਾਨ ਦੀ ਰਿਪੋਰਟ ਤਿਆਰ ਕਰਕੇ ਕੈਪਟਨ ਤੱਕ ਪਹੁੰਚਾਉਣ ਦਾ ਕੰਮ ਇਹ ਜਨਾਬ ਹੀ ਕਰਦੇ ਹਨ। ਪੂਰੀ ਸੂਚੀ ਵਿਚ ਇਕ ਅਰਵਿੰਦ ਖੰਨਾ ਨੂੰ ਛੱਡ ਕੇ ਅਜਿਹਾ ਕੋਈ  ਵਿਅਕਤੀ ਨਹੀਂ ਹੈ ਜਿਸ ਦਾ ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਾਲ ਕੋਈ ਸਬੰਧ ਹੋਵੇ। ਇਹੀ ਕਾਰਨ ਹੈ ਕਿ ਪੰਜਾਬ ਕਾਂਗਰਸ ਦੇ ਨੇਤਾ ਕੈਪਟਨ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਲੈ ਕੇ ਨਾ ਸਿਰਫ ਪ੍ਰੇਸ਼ਾਨ ਹਨ ਸਗੋਂ ਕੈਪਟਨ ਨਾਲ ਸਿੱਧੇ ਤੌਰ 'ਤੇ ਸੰਪਰਕ ਨਾ ਕਰ ਸਕਣ ਨੂੰ ਲੈ ਕੇ ਵੀ ਅਕਸਰ ਸ਼ਿਕਾਇਤ ਕਰਦੇ ਰਹਿੰਦੇ ਹਨ।