ਪਟਿਆਲਾ, 31 ਦਸੰਬਰ --ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ 'ਚ ਉਮੀਦ ਤੋਂ ਪਹਿਲਾਂ ਹੀ ਪਤਨ ਸ਼ੁਰੂ ਹੋ ਚੁਕਾ ਹੈ ਅਤੇ ਉਸਦੇ ਜ਼ਮੀਨੀ ਪੱਧਰ ਨਾਲ ਜੁੜੇ ਵਰਕਰ ਤੇ ਆਗੂ ਵੱਡੀ ਗਿਣਤੀ 'ਚ ਪਾਰਟੀ ਨੂੰ ਛੱਡ ਰਹੇ ਹਨ, ਜੋ ਚੋਣਾਂ ਤੋਂ ਪਹਿਲਾਂ ਹੀ ਅਡਵਾਂਸ 'ਚ ਸ਼੍ਰੋਮਣੀ ਦੇ ਪਤਨ ਵੱਲ ਇਸ਼ਾਰਾ ਕਰ ਰਿਹਾ ਹੈ। ਕੈਪਟਨ ਅਮਰਿੰਦਰ ਨੇ ਅਕਾਲੀ ਦਲ ਦੇ ਅੰਦਰ ਛਿੜ ਚੁੱਕੇ ਵਿਦ੍ਰੋਹ ਤੇ ਇਸਦੇ ਵਰਕਰਾਂ ਤੇ ਆਗੂਆਂ ਵਲੋਂ ਪਾਰਟੀ ਛੱਡਣ ਦੇ ਸਬੰਧ ਵਿਚ ਪ੍ਰਤੀਕ੍ਰਿਆ ਜਾਹਰ ਕਰਦੇ ਹੋਏ ਕਿਹਾ ਕਿ ਹਾਲਾਂਕਿ ਹਰ ਕੋਈ ਜਾਣਦਾ ਸੀ ਕਿ ਅਕਾਲੀ ਦਲ ਟੁੱਟ ਜਾਏਗੀ ਮਗਰ ਇਸਦਾ ਕਿਸੇ ਨੂੰ ਵੀ ਅੰਦਾਜਾ ਨਹੀਂ ਸੀ ਕਿ ਇਹ ਇੰਨੀ ਜਲਦੀ ਹੋ ਜਾਵੇਗਾ। ਇਸ ਲੜੀ ਹੇਠ ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਸੂਬੇ 'ਚ ਸਿਲਸਿਲੇਵਾਰ ਘਟਨਾਕ੍ਰਮ ਨੂੰ ਦੇਖਦਿਆਂ ਯਕੀਨ ਜਾਹਰ ਕੀਤਾ ਹੈ ਕਿ ਚੋਣਾਂ ਦੇ ਵਕਤ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ 'ਚ ਸੁਖਬੀਰ ਦੀ ਅਗਵਾਈ ਵਾਲੇ ਉਮੀਦਵਾਰ ਨੂੰ ਅਕਾਲੀ ਦਲ ਤੋਂ ਵੀ ਚੁਣੌਤੀ ਮਿਲ ਸਕਦੀ ਹੈ। ਪੀ. ਸੀ. ਸੀ. ਪ੍ਰਧਾਨ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪਿਛਲੇ ਕਾਫੀ ਸਮੇਂ ਤੋਂ ਅਸੰਤੋਸ਼ ਦਾ ਜਵਾਲਾਮੁਖੀ ਭੱਖ ਰਿਹਾ ਸੀ, ਜਿਸਦਾ ਫੱਟਣਾ ਨਿਸ਼ਚਿਤ ਸੀ ਤੇ ਆਖਰਕਾਰ ਫੱਟਣ ਦੇ ਨਾਲ ਇਸਦੇ ਅੰਦਰੋਂ ਵਿਦ੍ਰੋਹ ਦਾ ਲਾਵਾ ਸਾਹਮਣੇ ਆ ਗਿਆ ਹੈ। ਉਨ੍ਹਾਂ ਆਉਣ ਵਾਲੇ ਦਿਨਾਂ 'ਚ ਪਾਰਟੀ 'ਚੋਂ ਹੋਰ ਆਗੂਆਂ ਦੇ ਵੀ ਬਾਹਰ ਨਿਕਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਹੈ ਕਿ ਕਈ ਸੀਨੀਅਰ ਆਗੂ ਕਾਂਗਰਸ ਅਗਵਾਈ ਦੇ ਸੰਪਰਕ 'ਚ ਹਨ ਅਤੇ ਪਾਰਟੀ 'ਚ ਸ਼ਾਮਲ ਹੋਣ ਦੀ ਇੱਛਾ ਰੱਖਦੇ ਹਨ, ਹਾਲਾਂਕਿ ਉਨ੍ਹਾਂ ਨੂੰ ਸ਼ਾਮਲ ਕੀਤੇ ਜਾਣ ਬਾਰੇ ਅੰਤਿਮ ਫੈਸਲਾ ਟਿਕਟਾਂ ਦੀ ਅਲਾਟਮੈਂਟ ਤੋਂ ਬਾਅਦ ਪਾਰਟੀ ਹਾਈਕਮਾਂਡ ਨਾਲ ਸਲਾਹ ਕਰਕੇ ਹੀ ਲਿਆ ਜਾਵੇਗਾ।