ਬਾਘਾਪੁਰਾਣਾ, 31 ਦਸੰਬਰ -- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬਾਘਾਪੁਰਾਣਾ ਹਲਕੇ ਦੀ ਟਿਕਟ ਨੂੰ ਬਦਲੇ ਜਾਣ ਦੇ ਮਿਲੇ ਸੰਕੇਤਾਂ ਨੂੰ ਲੈ ਕੇ ਹਲਕੇ ਤੋਂ ਵੱਡੀ ਗਿਣਤੀ ਵਿਚ ਵਰਕਰਾਂ ਅਤੇ ਆਗੂਆਂ ਨੇ ਹਲਕਾ ਇੰਚਾਰਜ ਜਗਤਾਰ ਸਿੰਘ ਰਾਜੇਆਣਾ ਨੂੰ ਟਿਕਟ ਦਿੱਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਅੱਜ ਦੀ ਵਿਸ਼ਾਲ ਮੀਟਿੰਗ ਇੰਚਾਰਜ ਜਗਤਾਰ ਸਿੰਘ ਦੇ ਫਾਰਮ ਹਾਊਸ 'ਤੇ ਹੋਈ। ਮੀਟਿੰਗ ਦੌਰਾਨ ਜਗਤਾਰ ਸਿੰਘ ਰਾਜੇਆਣਾ ਅਤੇ ਮਨਦੀਪ ਸਿੰਘ ਸੋਨੀ ਨੇ  ਕਿਹਾ ਕਿ ਅਗਰ ਪਾਰਟੀ ਨੇ ਇਨਸਾਫ਼ ਨਾ ਕੀਤਾ ਤਾਂ ਮਜਬੂਰਨ ਅਗਲਾ ਫੈਸਲਾ ਲਿਆ ਜਾਵੇਗਾ ਅਤੇ ਫੈਸਲਾ ਲੈਣ ਤੋਂ ਬਿਲਕੁਲ ਪਿੱਛੇ ਨਹੀਂ ਹਟਾਂਗੇ। ਮੀਟਿੰਗ ਨੂੰ ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਬਰਾੜ, ਜ਼ਿਲਾ ਪ੍ਰੀਸ਼ਦ ਮੈਂਬਰ ਗੁਰਚਰਨ ਸਿੰਘ ਸਮਾਲਸਰ, ਰਜਿੰਦਰ ਸਿੰਘ ਥਰਾਜ, ਇਕੱਤਰ ਸਿੰਘ ਥਰਾਜ, ਪ੍ਰਿੰਸੀਪਲ ਗੁਰਦੇਵ ਸਿੰਘ, ਚੇਅਰਮੈਨ ਅਮਰਜੀਤ ਸਿੰਘ ਲੰਢੇਕੇ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜੇਆਣਾ ਪਰਿਵਾਰ ਨੇ ਪਾਰਟੀ ਲਈ ਪੂਰੀ ਇਮਾਨਦਾਰੀ ਅਤੇ ਤਨ ਮਨ ਨਾਲ ਸੇਵਾ ਕੀਤੀ ਅਤੇ ਹਰ ਵੇਲੇ ਪਾਰਟੀ ਦਾ ਸਾਥ ਨਿਭਾਇਆ ਹੈ, ਜਿਸ ਕਰਕੇ ਰਾਜੇਆਣਾ ਦਾ ਹੱਕ ਬਣਦਾ ਹੈ। ਬੁਲਾਰਿਆਂ ਦਾ ਇਹ ਵੀ ਕਹਿਣਾ ਸੀ ਕਿ ਥੋੜ੍ਹਾ ਸਮਾਂ ਪਹਿਲਾਂ ਪਾਰਟੀ ਵਿਚ ਸ਼ਾਮਲ ਹੋਏ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਟਿਕਟ ਮਿਲਣ ਦੇ ਸੰਕੇਤ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਲਈ ਸ. ਰਾਜੇਆਣਾ ਪਰਿਵਾਰ ਨੇ ਕੋਈ ਕਸਰ ਨਹੀਂ ਛੱਡੀ ਅਤੇ ਵਫ਼ਾਦਾਰੀ ਨਿਭਾਈ ਹੈ।
ਸ. ਰਾਜੇਆਣਾ ਦੇ ਸਪੁੱਤਰ ਮਨਦੀਪ ਸਿੰਘ ਸੋਨੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਾਰਟੀ ਰਾਜੇਆਣਾ ਪਰਿਵਾਰ ਦੀਆਂ ਸੇਵਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਟਿਕਟ 'ਤੇ ਦੁਬਾਰਾ ਵਿਚਾਰ ਕਰੇ, ਅਗਰ ਪਰਿਵਾਰ ਨਾਲ ਧੱਕੇਸ਼ਾਹੀ ਹੋਈ ਤਾਂ ਸਹਿਣ ਨਹੀਂ ਕਰਾਂਗੇ। ਇਸ ਮੌਕੇ ਜਤਿੰਦਰ ਸਿੰਘ ਬਿੱਟੂ, ਸੁਰਿੰਦਰ ਬਾਂਸਲ, ਤਰਸੇਮ ਸੇਤੀਆ, ਪੱਪੂ ਅਰੋੜਾ, ਸ਼ੇਰ ਸਿੰਘ ਸ਼ੇਰਾ, ਹਰਮੇਲ ਸਿੰਘ ਮੌੜ, ਬਲਤੇਜ ਸਿੰਘ ਸਰਕਲ ਪ੍ਰਧਾਨ, ਸੁਭਾਸ਼ ਸੋਮਾ, ਸੁਖਹਰਪ੍ਰੀਤ ਸਿੰਘ ਰੋਡੇ, ਅਜਮੇਰ ਸਿੰਘ ਲੰਗੇਆਣਾ, ਇਕੱਤਰ ਸਿੰਘ ਥਰਾਜ, ਨਰਿੰਦਰ ਲਵਲੀ, ਰਜਿੰਦਰ ਬੰਸੀ, ਹੰਸਾ ਸਿੰਘ ਕੰਡਾ, ਬਾਬਾ ਸਤਨਾਮ ਸਿੰਘ, ਰਜਿੰਦਰ ਸਿੰਘ ਥਰਾਜ, ਗੁਰਦਿੱਤ ਸਿੰਘ ਢਿੱਲੋਂ, ਕਰਨੈਲ ਸਿੰਘ ਸਰਪੰਚ, ਬਲਜਿੰਦਰ ਭੀਮਾ, ਬੀਬੀ ਅਮਰਜੀਤ ਸਿੰਘ ਲੰਢੇਕੇ, ਬੱਬੂ ਤਲਵਾੜ, ਬਹਾਦਰ ਸਿੰਘ ਡਾਇਰੈਕਟਰ, ਦੀਪ ਸਿੰਘ ਰੋਡੇ ਅਤੇ ਹੋਰ ਸ਼ਾਮਲ ਸਨ।