ਗਿੱਦੜਬਾਹਾ, 4 ਦਸੰਬਰ--ਬੀਤੇ ਇਕ ਹਫ਼ਤੇ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੱਕੇ ਧਰਨੇ ਤੇ ਮਰਨ ਵਰਤ 'ਤੇ ਬੈਠੇ ਈ. ਜੀ. ਐੱਸ. ਅਧਿਆਪਕ ਯੂਨੀਅਨ ਦੇ ਮੈਂਬਰਾਂ ਵਲੋਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਸੰਗਤ ਦਰਸ਼ਨ ਸਮਾਰੋਹਾਂ ਦਾ ਘਿਰਾਓ ਕਰਨ ਦੇ ਪਹਿਲਾਂ ਤੋਂ ਐਲਾਨੇ ਗਏ ਪ੍ਰੋਗਰਾਮ ਤਹਿਤ ਜਦੋਂ ਨੇੜਲੇ ਪਿੰਡ ਦੌਲਾ ਵਿਖੇ ਸਮਾਰੋਹ ਵਾਲੀ ਥਾਂ 'ਤੇ ਪੁੱਜੇ ਤਾਂ ਇਕ ਪਿੰਡ ਦੇ ਅਕਾਲੀ ਸਰਪੰਚ ਨੇ ਇਕ ਮਹਿਲਾ ਅਧਿਆਪਕ ਦਾ ਬੁਰੀ ਤਰ੍ਹਾਂ ਕੁਟਾਪਾ ਚਾੜ੍ਹ ਦਿੱਤਾ।
ਜਾਣਕਾਰੀ ਅਨੁਸਾਰ ਈ. ਜੀ. ਐੱਸ. ਅਧਿਆਪਕ ਯੂਨੀਅਨ ਦੇ ਜਰਨੈਲ ਸਿੰਘ ਜ਼ਿਲਾ ਪ੍ਰਧਾਨ ਜਲੰਧਰ, ਬਰਿੰਦਰਪਾਲ ਕੌਰ ਸੁਖਨਾ ਅਬਲੂ, ਅਮਰਜੀਤ ਕੌਰ, ਕਮਲ ਹੁਸਨਰ, ਕੁਸਮ ਭਲਾਈਆਣਾ ਤੇ ਮੋਨਿਕਾ ਗਿੱਦੜਬਾਹਾ ਜਦੋਂ ਪਿੰਡ ਦੌਲਾ ਵਿਖੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਸੰਗਤ ਦਰਸ਼ਨ ਸਮਾਰੋਹ ਵਾਲੀ ਥਾਂ ਦੇ ਬਾਹਰ ਖੜ੍ਹੇ ਸਨ ਤਾਂ ਪੁਲਸ ਕਰਮਚਾਰੀਆਂ ਨੇ ਯੂਨੀਅਨ ਦੇ ਜ਼ਿਲਾ ਪ੍ਰਧਾਨ ਜਰਨੈਲ ਸਿੰਘ ਨੂੰ ਜਬਰੀ ਚੁੱਕ ਕੇ ਜਿਪਸੀ 'ਚ ਬਿਠਾ ਲਿਆ। ਇਸ 'ਤੇ ਉਸ ਨਾਲ ਆਈਆਂ  ਅਧਿਆਪਕਾਵਾਂ ਨੇ ਪੰਜਾਬ ਸਰਕਾਰ ਸਮੇਤ ਬੀਬੀ ਹਰਸਿਮਰਤ ਕੌਰ ਬਾਦਲ ਦੇ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ 'ਤੇ ਉਥੇ ਮੌਜੂਦ ਇਕ ਪਿੰਡ ਦੇ ਸਰਪੰਚ ਨੇ ਉਕਤ ਅਧਿਆਪਕਾਵਾਂ ਨੂੰ ਸਮਾਰੋਹ ਵਾਲੀ ਜਗ੍ਹਾ ਤੋਂ ਚਲੇ ਜਾਣ ਲਈ ਕਿਹਾ ਪਰ ਜਦੋਂ ਅਧਿਆਪਕਾਵਾਂ ਉਥੋਂ ਨਾ ਹਿੱਲੀਆਂ ਤਾਂ ਉਕਤ ਸਰਪੰਚ ਨੇ ਪੁਲਸ ਦੀ ਹਾਜ਼ਰੀ 'ਚ ਇਕ ਮਹਿਲਾ ਅਧਿਆਪਕ ਨੂੰ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਗਾਲ੍ਹਾਂ ਕੱਢੀਆਂ। ਸਥਿਤੀ ਨੂੰ ਵਿਗੜਦਿਆਂ ਦੇਖ ਕੇ ਪੁਲਸ ਨੇ ਜਬਰੀ ਚੁੱਕੇ ਜ਼ਿਲਾ ਪ੍ਰਧਾਨ ਜਰਨੈਲ ਸਿੰਘ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਵੀ ਉਕਤ ਈ. ਜੀ. ਐੱਸ. ਅਧਿਆਪਕ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲਣ ਲਈ ਅੜੇ ਰਹੇ ਪਰ ਡੀ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਇਨ੍ਹਾਂ ਨੂੰ ਮਿਤੀ 5 ਦਸੰਬਰ ਨੂੰ ਚੰਡੀਗੜ੍ਹ ਵਿਖੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮਿਲਵਾਉਣ ਦਾ ਭਰੋਸਾ ਦਿਵਾਇਆ, ਜਿਸ 'ਤੇ ਉਕਤ ਅਧਿਆਪਕ ਵਾਪਸ ਗਿੱਦੜਬਾਹਾ ਪਰਤੇ। ਇਸ ਮੌਕੇ ਅਧਿਆਪਕਾ ਨੇ ਪੰਜਾਬ ਪੁਲਸ ਤੇ ਪ੍ਰਸ਼ਾਸਨ ਤੋਂ ਉਕਤ ਸਰਪੰਚ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ।
ਜਦੋਂ ਇਸ ਘਟਨਾ ਸਬੰਧੀ ਡੀ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਤਾਂ ਉਕਤ ਸਰਪੰਚ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਓਧਰ ਯੂਨੀਅਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ, ਜਰਨੈਲ ਸਿੰਘ ਜ਼ਿਲਾ ਪ੍ਰਧਾਨ ਤੇ ਪ੍ਰੈੱਸ ਸਕੱਤਰ ਭਗਤ ਰਾਮ ਭੰਗੂ ਆਦਿ ਨੇ ਕਿਹਾ ਕਿ ਅਸੀਂ ਉਕਤ ਸਰਪੰਚ ਵਿਰੁੱਧ ਥਾਣਾ ਗਿੱਦੜਬਾਹਾ ਵਿਖੇ ਲਿਖਤੀ ਸ਼ਿਕਾਇਤ ਕਰ ਰਹੇ ਹਾਂ ਤੇ ਜੇਕਰ ਪੁਲਸ ਨੇ ਜਲਦੀ ਕਾਰਵਾਈ ਕਰਕੇ ਉਸਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਸੰਘਰਸ਼ ਤੇਜ਼ ਕਰਣਗੇ। ਉਨ੍ਹਾਂ ਦੱਸਿਆ ਕਿ 5 ਦਸੰਬਰ ਨੂੰ ਹੁਸਨਰ ਚੌਕ ਵਿਖੇ ਉਕਤ ਸਰਪੰਚ ਦਾ ਪੁਤਲਾ ਵੀ ਫੂਕਿਆ ਜਾਵੇਗਾ।

ਹਰਸਿਮਰਤ ਵਲੋਂ ਦੋਸ਼ੀ ਸਰਪੰਚ ਖਿਲਾਫ ਕਾਰਵਾਈ ਦੇ ਹੁਕਮ


 ਹਰਸਿਮਰਤ ਵਲੋਂ ਦੋਸ਼ੀ ਸਰਪੰਚ ਖਿਲਾਫ ਕਾਰਵਾਈ ਦੇ ਹੁਕਮ


ਚੰਡੀਗੜ੍ਹ, 5 ਦਸੰਬਰ --ਗਿੱਦੜਬਾਹਾ ਹਲਕੇ 'ਚ ਕਲ ਇਕ ਪ੍ਰੋਗਰਾਮ ਦੌਰਾਨ ਅਕਾਲੀ ਸਰਪੰਚ ਵਲੋਂ ਇਕ ਮਹਿਲਾ ਅਧਿਆਪਕ ਦੀ ਕੀਤੀ ਮਾਰਕੁੱਟ ਦੀ ਘਟਨਾ ਦਾ ਸਖਤ ਨੋਟਿਸ ਲੈਂਦਿਆਂ ਬਠਿੰਡਾ ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਜ਼ਿਲਾ ਪ੍ਰਸ਼ਾਸਨ ਨੂੰ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਖਿਲਾਫ ਕਾਰਵਾਈ ਦੇ ਆਦੇਸ਼ ਦਿਤੇ ਹਨ। ਉਨ੍ਹਾਂ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ।  ਇਕ ਬਿਆਨ ਵਿਚ ਹਰਸਿਮਰਤ ਨੇ ਕਿਹਾ ਕਿ ਕਿਸੇ ਵੀ ਅਹੁਦੇਦਾਰ ਵਲੋਂ ਕਿਸੇ ਮਹਿਲਾ 'ਤੇ ਹਮਲਾ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਭਾਵੇਂ ਕਿ ਇਸ ਦੀ ਕੋਈ ਵੀ ਵਜ੍ਹਾ ਕਿਉਂ ਨਾ ਹੋਵੇ। ਉਨ੍ਹਾਂ ਪ੍ਰਸ਼ਾਸਨ ਨੂੰ ਇਸ ਸਮੁੱਚੀ ਘਟਨਾ ਦੀ ਜਾਂਚ ਕਰਕੇ ਦੋਸ਼ੀ ਖਿਲਾਫ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਸ਼੍ਰੀਮਤੀ ਬਾਦਲ ਨੇ ਇਸ ਅਣਸੁਖਾਵੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।