Monday, 5 December 2011

Punjab Govt. Jalandhar



ਪੰਜਾਬ ਵਿਚ ਕਿਸੇ ਨੂੰ ਹਲਕਾ ਇੰਚਾਰਜ ਨਹੀਂ ਲਾਇਆ-ਬਾਦਲ
ਜਲੰਧਰ, 4 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਾਫ ਕੀਤਾ ਹੈ ਕਿ ਪਾਰਟੀ 'ਚ ਹਲਕਾ ਇੰਚਾਰਜ ਦਾ ਕੋਈ ਸੰਵਿਧਾਨਕ ਅਹੁਦਾ ਹੀ ਨਹੀਂ ਹੈ ਤਾਂ ਕਿਸੇ ਨੂੰ ਹਲਕਾ ਇੰਚਾਰਜ ਲਗਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਖੁਲਾਸਾ ਉਨ੍ਹਾਂ ਅੱਜ ਜਲੰਧਰ ਛਾਉਣੀ ਹਲਕੇ 'ਚ ਸਰਕਲ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਦੀ ਦੇਖ-ਰੇਖ ਹੇਠ ਕਰਵਾਏ ਗਏ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪਿੰਡਾਂ ਦੇ ਵਿਕਾਸ ਲਈ 4. 25 ਕਰੋੜ ਰੁਪਏ ਦੇ ਚੈੱਕ ਵੰਡਣ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ, ਮਾਰਕਫੈੱਡ ਦੇ ਚੇਅਰਮੈਨ ਜਰਨੈਲ ਸਿੰਘ ਵਾਹਦ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਬਲਜੀਤ ਸਿੰਘ ਨੀਲਾਮਹਿਲ, ਜਰਨੈਲ ਸਿੰਘ ਸਮਰਾ, ਸ੍ਰੀ ਪਵਨ ਟੀਨੂੰ, ਜਸਪਾਲ ਸਿੰਘ ਢੇਸੀ ਤੇ ਹੋਰ ਆਗੂ ਵੀ ਸਨ। ਪੰਜਾਬ ਦੇ ਸਾਬਕਾ ਪੁਲਿਸ ਮੁਖੀ ਇਜ਼ਹਾਰ ਆਲਮ ਨੂੰ ਅਕਾਲੀ ਦਲ ਵਲੋਂ ਸੰਭਾਵੀ ਉਮੀਦਵਾਰ ਵਜੋਂ ਪੇਸ਼ ਕਰਨ ਅਤੇ ਹਲਕਾ ਇੰਚਾਰਜ ਲਗਾਉਣ ਸਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਸ. ਬਾਦਲ ਨੇ ਕਿਹਾ ਕਿ ਪਾਰਟੀ ਵਲੋਂ ਪੰਜਾਬ ਭਰ 'ਚ ਹੀ ਅਜੇ ਕਿਸੇ ਨੂੰ ਹਲਕਾ ਇੰਚਾਰਜ ਨਹੀਂ ਲਗਾਇਆ ਤਾਂ ਆਲਮ ਨੂੰ ਕਿਸ ਤਰ੍ਹਾਂ ਹਲਕਾ ਇੰਚਾਰਜ ਲਗਾਇਆ ਜਾ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜਾ ਵੀ ਆਗੂ ਅਜਿਹਾ ਦਾਅਵਾ ਕਰਦਾ ਹੈ ਉਹ ਗਲਤ ਹੈ। ਸਾਬਕਾ ਡੀ. ਜੀ. ਪੀ. ਪਰਮਦੀਪ ਸਿੰਘ ਗਿੱਲ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਅਕਾਲੀ ਦਲ ਲਈ ਕਾਫੀ ਸੇਵਾ ਹੈ। ਇਸ ਦੇ ਨਾਲ ਹੀ ਸ. ਬਾਦਲ ਨੇ ਜਲੰਧਰ ਛਾਉਣੀ ਹਲਕੇ ਤੋਂ ਜਰਨੈਲ ਸਿੰਘ ਵਾਹਦ ਨੂੰ ਸੰਭਾਵੀ ਉਮੀਦਵਾਰ ਵਜੋਂ ਪੇਸ਼ ਕਰਨ ਤੋਂ ਵੀ ਇਨਕਾਰ ਕਰਦਿਆਂ ਕਿਹਾ ਕਿ ਪਾਰਟੀ ਨੇ ਅਜੇ ਟਿਕਟਾਂ ਸਬੰਧੀ ਕੋਈ ਫੈਸਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਮੀਦਵਾਰ ਦਾ ਫੈਸਲਾ ਪਾਰਟੀ ਵਲੋਂ ਬਹੁਤ ਸੋਚ-ਵਿਚਾਰ ਤੋਂ ਬਾਅਦ ਢੁੱਕਵੇਂ ਸਮੇਂ 'ਤੇ ਹੀ ਕੀਤਾ ਜਾਵੇਗਾ। ਇਸ ਮੌਕੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਪੀ. ਪੀ. ਪੀ. ਆਗੂ ਸਤਿੰਦਰਜੀਤ ਸਿੰਘ ਮੰਟਾ ਨੂੰ ਪਾਰਟੀ 'ਚ ਸ਼ਾਮਿਲ ਕਰਨ ਸਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਸ. ਬਾਦਲ ਨੇ ਕਿਹਾ ਕਿ ਪਾਰਟੀ 'ਚ ਕੋਈ ਵੀ ਸ਼ਾਮਿਲ ਹੋ ਸਕਦਾ ਹੈ ਤੇ ਜਿੱਥੋਂ ਤੱਕ ਦੋਸ਼ਾਂ ਦਾ ਸਵਾਲ ਹੈ ਉਹ ਦੇਖਣਾ ਕਾਨੂੰਨ ਦਾ ਕੰਮ ਹੈ। ਇਸ ਮੌਕੇ ਉਨ੍ਹਾਂ ਬਦਲਾਖੋਰੀ ਦੀ ਸਿਆਸਤ ਤੋਂ ਵੀ ਸਾਫ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਰ ਕਿਸੇ ਦੀ ਮੱਦਦ ਹੀ ਕੀਤੀ ਹੈ ਤੇ ਕੇਸ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸੁਖਪਾਲ ਸਿੰਘ ਖਹਿਰਾ ਦੇ ਮਾਮਲੇ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਨਾਂਅ ਦਾ ਭੁਲੇਖਾ ਲੱਗਣ ਕਾਰਨ ਸਾਰਾ ਮਾਮਲਾ ਹੋਇਆ ਸੀ ਪਰ ਬਾਅਦ 'ਚ ਉਨ੍ਹਾਂ ਨੇ ਖੁਦ ਇਸ ਮਾਮਲੇ 'ਤੇ ਖੇਦ ਪ੍ਰਗਟ ਕੀਤਾ ਸੀ। ਪ੍ਰਚੂਨ ਖੇਤਰ 'ਚ ਸਿੱਧੇ ਵਿਦੇਸ਼ ਨਿਵੇਸ਼ ਦੇ ਮੁੱਦੇ 'ਤੇ ਅਕਾਲੀ ਦਲ ਵਲੋਂ ਆਪਣਾ ਸਟੈਂਡ ਬਦਲਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟਦੇ ਹੋਏ ਸ. ਬਾਦਲ ਨੇ ਕਿਹਾ ਕਿ ਇਸ ਮਾਮਲੇ 'ਚ ਪਾਰਟੀ 'ਚ ਕੋਈ ਮਤਭੇਦ ਨਹੀਂ ਹਨ ਤੇ ਪਾਰਟੀ ਨੇ ਕਿਸਾਨਾਂ ਅਤੇ ਵਪਾਰੀਆਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਕੇ ਹੀ ਫੈਸਲਾ ਕੀਤਾ ਹੈ। ਇਸ ਮੌਕੇ ਇਸਤਰੀ ਕਮਿਸ਼ਨ ਦੀ ਚੇਅਰਪਰਸਨ ਬੀਬੀ ਗੁਰਦੇਵ ਕੌਰ ਸੰਘਾ, ਇਕਬਾਲ ਸਿੰਘ ਢੀਂਡਸਾ, ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਜਥੇਦਾਰ ਗੁਰਦੇਵ ਸਿੰਘ ਫੋਲੜੀਵਾਲ, ਅਮਰਜੀਤ ਸਿੰਘ ਬਰਮੀ, ਮਨਜੀਤ ਸਿੰਘ ਬਿੱਲਾ, ਰਣਧੀਰ ਸਿੰਘ ਬਾਹੀਆ, ਪ੍ਰਮਿੰਦਰ ਸਿੰਘ ਭਿੰਦਾ, ਜਥੇਦਾਰ ਸ਼ਮਿੰਦਰ ਸਿੰਘ, ਮੁਸਲਿਮ ਆਗੂ ਦਿਲਬਾਗ ਹੁਸੈਨ, ਚਰਨਜੀਤ ਸਿੰਘ ਮਿੰਟਾ, ਚਰਨਜੀਤ ਸਿੰਘ ਚੰਨੀ, ਮਨਬੀਰ ਸਿੰਘ ਚੰਨੀ, ਡਾ. ਸੁਖਬੀਰ ਸਲਾਰਪੁਰ, ਚਰਨਜੀਵ ਸਿੰਘ ਲਾਲੀ, ਸੁਖਵਿੰਦਰ ਸਿੰਘ ਭੋਡੇ ਸਪਰਾਏ, ਰਾਜੂ ਗੌਰਵ ਸੰਮਤੀ ਮੈਂਬਰ, ਮਨਜੀਤ ਸਿੰਘ ਅਵਾਦਾਨ, ਸਰਕਲ ਪ੍ਰਧਾਨ ਕੁਲਜੀਤ ਕੌਰ, ਬੀਬੀ ਸੁਰਿੰਦਰ ਕੌਰ ਜੌਹਲ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਬੀਬੀ ਗੁਰਜੀਤ ਕੌਰ ਸਲੇਮਪੁਰ ਤੇ ਹੋਰ ਆਗੂਆਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਪ੍ਰਿਅੰਕ ਭਾਰਤੀ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਜ਼ਿਲ੍ਹਾ ਪ੍ਰਧਾਨ ਚੰਨੀ ਰਹੇ ਗੈਰ-ਹਾਜ਼ਰ

ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ. ਗੁਰਚਰਨ ਸਿੰਘ ਚੰਨੀ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਗੈਰ-ਹਾਜ਼ਰ ਰਹੇ। ਜਲੰਧਰ ਛਾਉਣੀ ਹਲਕੇ 'ਚ ਬਾਹਰੀ ਆਗੂ ਜਰਨੈਲ ਸਿੰਘ ਵਾਹਦ ਨੂੰ ਪਾਰਟੀ ਵਲੋਂ ਸੰਭਾਵੀ ਉਮੀਦਵਾਰ ਵਜੋਂ ਪੇਸ਼ ਕਰਨ ਤੋਂ ਉਹ ਨਾਰਾਜ਼ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ ਸਮੇਂ ਤੋਂ ਛਾਉਣੀ ਹਲਕੇ 'ਚ ਇਕੱਠੇ ਕੰਮ ਕਰ ਰਹੇ ਸਰਕਲ ਜਥੇਦਾਰ ਸ. ਪਰਮਜੀਤ ਸਿੰਘ ਰਾਏਪੁਰ ਅਤੇ ਜ਼ਿਲ੍ਹਾ ਅਕਾਲੀ ਜੱਥੇ ਦੇ ਪ੍ਰਧਾਨ ਸ. ਗੁਰਚਰਨ ਸਿੰਘ ਚੰਨੀ ਦੇ ਰਸਤੇ ਵੀ ਵੱਖੋ-ਵੱਖਰੇ ਹੋ ਗਏ ਜਾਪਦੇ ਹਨ। ਸ. ਰਾਏਪੁਰ ਜਿੱਥੇ ਪਿਛਲੇ ਤਿੰਨ-ਚਾਰ ਦਿਨ ਤੋਂ ਸੰਗਤ ਦਰਸ਼ਨ ਦੀਆਂ ਤਿਆਰੀਆਂ 'ਚ ਲੱਗੇ ਰਹੇ ਤੇ ਅੱਜ ਵੀ ਸੰਗਤ ਦਰਸ਼ਨ ਦੌਰਾਨ ਸ. ਬਾਦਲ ਦੇ ਨਾਲ ਬੈਠੇ ਸਨ ਉਥੇ ਜ਼ਿਲ੍ਹਾ ਪ੍ਰਧਾਨ ਚੰਨੀ ਸੰਗਤ ਦਰਸ਼ਨ ਤੋਂ ਦੂਰ ਰਹੇ। ਪੱਤਰਕਾਰਾਂ ਵਲੋਂ ਚੰਨੀ ਦੀ ਗੈਰ-ਹਾਜ਼ਰੀ ਦਾ ਮਾਮਲਾ ਸ. ਬਾਦਲ ਦੇ ਧਿਆਨ 'ਚ ਲਿਆਉਣ 'ਤੇ ਉਨ੍ਹਾਂ ਕਿਹਾ ਕਿ ਪਾਰਟੀਆਂ 'ਚ ਅਜਿਹਾ ਚੱਲਦਾ ਹੀ ਰਹਿੰਦਾ ਹੈ। ਇਸ ਸਬੰਧੀ ਸ. ਗੁਰਚਰਨ ਸਿੰਘ ਚੰਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਆਪਣਾ ਮੋਬਾਈਲ ਨਹੀਂ ਚੁੱਕਿਆ।

No comments:

Post a Comment