ਮੇਰੀ ਹੱਤਿਆ ਹੋ ਸਕਦੀ ਹੈ

ਚੰਡੀਗੜ੍ਹ, 6 ਦਸੰਬਰ --ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਪ੍ਰੋਗਰਾਮ ਦੌਰਾਨ ਬੀਤੇ ਦਿਨ ਇਕ ਈ. ਜੀ. ਸੀ. ਅਧਿਆਪਕਾ ਵਰਿੰਦਰ ਕੌਰ ਨਾਲ ਅਕਾਲੀ ਸਰਪੰਚ ਵਲੋਂ ਕੀਤੀ ਗਈ ਮਾਰਕੁੱਟ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਨਾਲ ਗਰਮਾ ਗਿਆ ਹੈ ਤੇ ਸਰਕਾਰ ਲਈ ਇਸ ਮਾਮਲੇ ਨੂੰ ਸੰਭਾਲਣਾ ਹੁਣ ਮੁਸ਼ਕਲ ਹੋ ਰਿਹਾ ਹੈ। ਅੱਜ ਸਵੇਰੇ ਪੀੜਤ ਅਧਿਆਪਕਾ ਚੰਡੀਗੜ੍ਹ ਪਹੁੰਚੀ ਤੇ ਉਸ ਨੇ ਹੋਰ ਅਧਿਆਪਕਾਂ ਸਹਿਤ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਿਵਾਸ 'ਤੇ ਪਹੁੰਚ ਕੇ ਉਨ੍ਹਾਂ ਨੂੰ ਮਿਲਣ ਦਾ ਯਤਨ ਕੀਤਾ। ਸੁਖਬੀਰ ਬਾਦਲ ਇਹ ਕਹਿੰਦੇ ਹੋਏ ਆਪਣੀ ਗੱਡੀ 'ਚ ਬੈਠ ਕੇ ਬਿਨਾਂ ਗੱਲਬਾਤ ਕੀਤੇ ਨਿਕਲ ਗਏ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਤੁਹਾਡੀਆਂ ਨੌਕਰੀਆਂ ਦਾ ਪ੍ਰਬੰਧ ਵੀ ਕਰ ਦਿੱਤਾ ਜਾਏਗਾ ਜਿਸ ਨਾਲ ਅਧਿਆਪਕਾਂ ਦਾ ਗੁੱਸਾ ਹੋਰ ਵੀ ਵਧ ਗਿਆ ਤੇ ਉਨ੍ਹਾਂ ਨੇ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਚੰਡੀਗੜ੍ਹ ਪੁਲਸ ਨੇ ਆ ਕੇ ਸਥਿਤੀ ਨੂੰ ਸੰਭਾਲਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਰਿੰਦਰ ਕੌਰ ਨੇ ਸ਼ੰਕਾ ਜਤਾਈ ਕਿ ਉਸ ਦੀ ਹੱਤਿਆ ਹੋ ਸਕਦੀ ਹੈ ਕਿਉਂਕਿ ਸਰਪੰਚ ਨੂੰ ਬਚਾਉਣ ਲਈ ਸਮਝੌਤੇ ਲਈ ਦਬਾਅ ਪਾਇਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਵੀ ਲਗਾਤਾਰ ਧਮਕਾਇਆ ਜਾ ਰਿਹਾ ਹੈ ਤੇ ਗਿੱਦੜਬਾਹਾ ਦਾ ਇਕ ਪੁਲਸ ਅਧਿਕਾਰੀ ਜੋ ਕਿ ਮਾਰਕੁਟ ਦੀ ਘਟਨਾ ਸਮੇਂ ਮੌਕੇ 'ਤੇ ਹੀ ਸੀ ਅੱਜ ਉਪ ਮੁੱਖ ਮੰਤਰੀ ਦੇ ਨਿਵਾਸ 'ਤੇ ਉਸ ਸਮੇਂ ਦੇਖਿਆ ਗਿਆ ਜਦ ਉਹ ਉਨ੍ਹਾਂ ਨੂੰ ਮਿਲਣ ਦਾ ਬਾਹਰ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਈ. ਜੀ. ਐੱਸ. ਅਧਿਆਪਕ ਯੂਨੀਅਨ ਨੇ ਮਾਰਕੁੱਟ ਦੇ ਦੋਸ਼ੀ ਸਰਪੰਚ ਬਲਵਿੰਦਰ ਸਿੰਘ ਵਿਰੁੱਧ ਸਖਤ ਐਕਸ਼ਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ 8 ਦਸੰਬਰ ਨੂੰ ਚੰਡੀਗੜ੍ਹ 'ਚ ਆਤਮਦਾਹ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਆਤਮਦਾਹ ਲਈ 11 ਮੈਂਬਰਾਂ ਦਾ ਗਰੁੱਪ ਤਿਆਰ ਕੀਤਾ ਗਿਆ ਹੈ ਜਿਸ 'ਚ ਉਹ ਖੁਦ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਲ ਇਹ ਗਰੁੱਪ ਗਿੱਦੜਬਾਹਾ ਤੋਂ ਚੰਡੀਗੜ੍ਹ ਵੱਲ ਰਵਾਨਾ ਹੋਵੇਗਾ ਤੇ ਗੁਪਤ ਤਰੀਕੇ ਨਾਲ ਆਪਣੇ ਐਕਸ਼ਨ ਨੂੰ ਅੰਜਾਮ ਦੇਣਗੇ ਜਿਸ ਤੋਂ ਪੈਦਾ ਹੋਣ ਵਾਲੀ ਸਥਿਤੀ ਲਈ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਹੀ ਜ਼ਿੰਮੇਵਾਰ ਹੋਣਗੇ।
ਸ੍ਰੀ ਮੁਕਤਸਰ ਸਾਹਿਬ, (ਕਟਾਰੀਆ, ਪਵਨ, ਭੁਪਿੰਦਰ, ਏਜੰਸੀਆਂ)-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦੇ ਸੰਗਤ ਦਰਸ਼ਨ ਸਮਾਗਮ ਦੌਰਾਨ ਇਕ ਅਧਿਆਪਕਾ ਵਰਿੰਦਰਪਾਲ ਕੌਰ ਦੇ ਥੱਪੜ ਮਾਰਨ ਦੇ ਦੋਸ਼ ਵਿਚ ਪਿੰਡ ਦੌਲਾ ਦੇ ਸਰਪੰਚ ਬਲਜਿੰਦਰ ਸਿੰਘ ਤੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਨੀਅਰ ਪੁਲਸ ਕਪਤਾਨ ਸ. ਇੰਦਰਮੋਹਨ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਪਿੰਡ ਭਾਰੂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਬਾਅਦ ਵਿਚ 50,000 ਰੁਪਏ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
No comments:
Post a Comment