Wednesday, 14 December 2011

Manpreet Badel


ਕੋਡ ਆਫ਼ ਕੰਡਕਟ ਲਗਦਿਆਂ ਹੀ ਬਦਲ ਸਕਦੇ ਨੇ ਪੰਜਾਬ ਦੇ ਹਾਲਾਤ

ਹੁਸ਼ਿਆਰਪੁਰ, 12 ਦਸੰਬਰ --ਕੋਡ ਆਫ਼ ਕੰਡਕਟ ਲਗਦਿਆਂ ਹੀ ਪੰਜਾਬ ਦੇ ਹਾਲਾਤ ਬਦਲ ਸਕਦੇ ਹਨ ਤੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੈਰਾਨੀਜਨਕ ਹੋ ਸਕਦੇ ਹਨ। ਜਿਉਂ-ਜਿਉਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਸਾਰੀਆਂ ਰਾਜਨੀਤਿਕ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ, ਬਹੁਜਨ ਸਮਾਜ ਪਾਰਟੀ 'ਚ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਹਰ ਪਾਰਟੀ ਇਕ-ਇਕ ਵਿਧਾਨ ਸਭਾ ਸੀਟ 'ਤੇ ਆਪਣੀ ਅੱਖ ਟਿਕਾਈ ਬੈਠੀ ਹੈ ਤੇ ਹਰ ਸੀਟ ਨੂੰ ਆਪਣੀ ਝੋਲੀ ਪਾਉਣ ਲਈ ਉਤਾਵਲੀ ਹੈ। ਪੰਜਾਬ ਦੇ ਲੋਕ ਇਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੜਾ ਨੇੜਿਉਂ ਦੇਖ ਰਹੇ ਹਨ ਪਰ ਅਜੇ ਤੱਕ ਆਪਣੀ ਚੁੱਪ ਨਹੀਂ ਤੋੜੀ ਅਤੇ ਖੁੱਲ੍ਹ ਕੇ ਵੀ ਕਿਸੇ ਪਾਰਟੀ ਦਾ ਸਾਥ ਦੇਣ ਦੀ ਗੱਲ ਨਹੀਂ ਕੀਤੀ ਜਾ ਰਹੀ। ਦੂਜੇ ਪਾਸੇ ਪੀਪਲਜ਼ ਪਾਰਟੀ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਪਾਰਟੀ ਦੇ ਅਜੇ ਤੱਕ ਪੱਤੇ ਵੀ ਨਹੀਂ ਖੋਲ੍ਹੇ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਕੋਡ ਆਫ਼ ਕੰਡਕਟ ਲੱਗਣ ਤੋਂ ਬਾਅਦ ਹੀ ਆਪਣੀ ਸੂਚੀ ਦਾ ਐਲਾਨ ਕਰ ਸਕਦੇ ਹਨ। ਇਸ ਸੂਚੀ ਵਿਚ ਕਾਂਗਰਸ ਤੇ ਅਕਾਲੀ ਦਲ ਦੇ ਕੁੱਝ ਲੀਡਰਾਂ ਦੀ ਸ਼ਮੂਲੀਅਤ ਦੀਆਂ ਵੀ ਸਿਆਸੀ ਪੰਡਿਤਾਂ ਵਲੋਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਟਿਕਟ ਦੇ ਚਾਹਵਾਨਾਂ ਨੂੰ ਟਿਕਟਾਂ ਨਾ ਮਿਲਣ ਦੀ ਸੂਰਤ ਵਿਚ ਅਕਾਲੀ ਤੇ ਕਾਂਗਰਸ ਦੇ ਲੀਡਰ ਪੀਪਲਜ਼ ਪਾਰਟੀ ਆਫ਼ ਪੰਜਾਬ ਵਿਚ ਜਾਣ ਤੋਂ ਵੀ ਗੁਰੇਜ਼ ਨਹੀਂ ਕਰ ਸਕਦੇ ਕਿਉਂਕਿ ਪੀਪਲਜ਼ ਪਾਰਟੀ ਪੰਜਾਬ ਦਾ ਅੱਜ ਦੋਆਬੇ ਅੰਦਰ ਵੱਡਾ ਆਧਾਰ ਬਣ ਰਿਹਾ ਹੈ। ਇਸ ਪਾਰਟੀ ਦਾ ਆਗਾਜ਼ ਵੀ ਦੋਆਬੇ ਦੀ ਧਰਤੀ ਤੋਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਹੋਇਆ। ਅੱਜ ਜ਼ਿਲਾ ਹੁਸ਼ਿਆਰਪੁਰ ਅੰਦਰ ਪੀਪਲਜ਼ ਪਾਰਟੀ ਨੂੰ ਲੋਕ ਇਕ ਮਜ਼ਬੂਤ ਪਾਰਟੀ ਵਜੋਂ ਦੇਖ ਰਹੇ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਸ਼ਿਆਰਪੁਰ ਨਾਲ ਸੰਬੰਧਿਤ ਇਕ ਵੱਡਾ ਕਾਂਗਰਸੀ ਆਗੂ ਪੀਪਲਜ਼ ਪਾਰਟੀ ਆਫ਼ ਪੰਜਾਬ ਵਿਚ ਸ਼ਾਮਲ ਹੋ ਕੇ ਪਾਰਟੀ ਨੂੰ ਹੋਰ ਮਜ਼ਬੂਤ ਆਧਾਰ ਦੇ ਸਕਦਾ ਹੈ ਤੇ ਵਿਧਾਨ ਸਭਾ ਦੇ ਚੋਣ ਦੰਗਲ 'ਚ ਵੀ ਨਿੱਤਰ ਸਕਦਾ ਹੈ। ਇਸੇ ਤਰ੍ਹਾਂ ਵਿਧਾਨ ਸਭਾ ਦੇ ਬਾਕੀ 6 ਹਲਕਿਆਂ ਤੋਂ ਵੀ ਪੀ. ਪੀ. ਪੀ. ਕੋਲ ਮਜ਼ਬੂਤ ਉਮੀਦਵਾਰ ਹਨ ਜੋ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਣ ਦੇ ਸਮਰੱਥ ਹਨ ਤੇ ਪੰਜਾਬ ਵਿਚ ਚੋਣ ਨਤੀਜੇ ਹੈਰਾਨੀਜਨਕ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

No comments:

Post a Comment