ਸੜਕਾਂ ਜਾਮ, ਲੋਕ ਪ੍ਰੇਸ਼ਾਨ

ਮੁਕੇਰੀਆਂ, 14 ਦਸੰਬਰ--ਪ੍ਰਸ਼ਾਸਨ ਦੀ ਅਣਦੇਖੀ ਕਾਰਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਜਿਥੇ ਲੋਕਾਂ ਨੂੰ ਭੀੜ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ, ਉਥੇ ਸ਼ਹਿਰ ਦੇ ਮੁੱਖ ਮਾਰਗਾਂ ਵਿਚ ਰੇਹੜੀ ਵਾਲਿਆਂ ਅਤੇ ਦੁਕਾਨਦਾਰਾਂ ਵਲੋਂ ਬਣਾਏ ਗਏ ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਕਿਸੇ ਵੀ ਚੌਕ ਜਾਂ ਸੜਕ 'ਤੇ ਨਿਯਮਾਂ ਨੂੰ ਤਾਕ 'ਤੇ ਰੱਖ ਨਾਜਾਇਜ਼ ਕਬਜ਼ੇ ਕਰਨਾ ਆਮ ਗੱਲ ਹੋ ਗਈ ਹੈ। ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੋਇਆ ਹੈ। ਹੋ-ਹੱਲਾ ਹੋਣ 'ਤੇ ਮਹਿਜ਼ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ। ਅੱਜਕਲ ਗੁਰਦੁਆਰਾ ਸਿੰਘ ਸਭਾ ਦੇ ਨਜ਼ਦੀਕ ਬਾਜ਼ਾਰ ਦੇ ਮੁੱਖ ਦੁਆਰ 'ਤੇ ਹਰ 10 ਮਿੰਟ ਬਾਅਦ ਬੱਸਾਂ ਖੜ੍ਹੀਆਂ ਹੋ ਜਾਣ ਕਾਰਨ ਲੋਕਾਂ ਨੂੰ ਬਾਜ਼ਾਰ ਵਿਚ ਪ੍ਰਵੇਸ਼ ਕਰਨਾ ਵੀ ਔਖਾ ਹੋ ਜਾਂਦਾ ਹੈ। ਲੋਕ ਹਾਰਨ 'ਤੇ ਹਾਰਨ ਵਜਾਉਂਦੇ ਰਹਿੰਦੇ ਹਨ ਪੰਰਤੂ ਬੱਸਾਂ ਵਾਲੇ ਇਸ ਨਾਜਾਇਜ਼ ਅੱਡੇ 'ਤੇ ਰੁਕ ਕੇ ਸਵਾਰੀਆਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਸਥਾਨਕ ਮਾਤਾ ਰਾਣੀ ਚੌਕ ਤੋਂ ਵੀ ਲੋਕਾਂ ਨੂੰ ਟਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸ਼ਟਰੀ ਰਾਜਮਾਰਗ ਦੇ ਨਾਲ-ਨਾਲ ਬਣੀ ਸਰਵਿਸ ਰੋਡ 'ਤੇ ਪੂਰਾ-ਪੂਰਾ ਦਿਨ ਟਰੱਕ ਖੜ੍ਹੇ ਰਹਿਣ ਕਾਰਨ ਸਕੂਟਰ-ਮੋਟਰਸਾਈਕਲ ਸਵਾਰਾਂ ਨੂੰ ਵੀ ਜੀ. ਟੀ. ਰੋਡ 'ਤੇ ਹੀ ਚੱਲਣਾ ਪੈਂਦਾ ਹੈ। ਅੰਬੇਡਕਰ ਪਾਰਕ ਦੇ ਨਜ਼ਦੀਕ ਸਬਜ਼ੀ ਵਿਕਰੇਤਾਵਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਕਾਰਨ ਇਹ ਚੌਕ ਪੂਰਾ ਦਿਨ ਹੀ ਜਾਮ ਦੀ ਭੇਟ ਚੜ੍ਹਿਆ ਰਹਿੰਦਾ ਹੈ ਪੰਰਤੂ ਮਿਲੀਭੁਗਤ ਕਾਰਨ ਇਸ ਵੱਲ ਕੋਈ ਵੀ ਧਿਆਨ ਦੇਣਾ ਆਪਣਾ ਫਰਜ਼ ਨਹੀਂ ਸਮਝਦਾ। ਗੁਰਦਾਸਪੁਰ ਰੋਡ 'ਤੇ ਬਣਿਆ ਰੇਲਵੇ ਫਾਟਕ ਹਰ 10 ਮਿੰਟ ਬਾਅਦ ਬੰਦ ਹੋ ਜਾਣ ਕਾਰਨ ਇਹ ਰੋਡ ਪੂਰਾ ਦਿਨ ਠੱਪ ਹੀ ਰਹਿੰਦੀ ਹੈ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਨਿਵਾਸੀਆਂ ਨੇ ਸਥਾਨਕ ਪ੍ਰਸ਼ਾਸਨ ਪਾਸੋਂ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ।
No comments:
Post a Comment