ਕਾਂਗਰਸ ਨਹੀਂ ਖੋਲ੍ਹੇਗੀ ਅਜੇ ਦੋਵੇਂ ਹਲਕਿਆਂ ਵਿਚ ਆਪਣੇ ਉਮੀਦਵਾਰਾਂ ਦੇ ਪੱਤੇ
ਕੈਪਟਨ ਅਮਰਿੰਦਰ ਪਰਿਵਾਰ ਵੀ ਮਾਨਸਾ ਤੋਂ ਚੋਣ ਲੜੇਗਾ!
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੱਟਾ ਬਾਜ਼ਾਰ ਹੋਇਆ ਸਰਗਰ
ਬਾਦਲ ਪਰਿਵਾਰ ਬਠਿੰਡਾ ਤੇ ਮਾਨਸਾ ਨੂੰ ਆਪਣਾ ਜੱਦੀ ਜ਼ਿਲਾ ਬਣਾਉਣ ਦੇ ਰੌਂਅ ਵਿਚ 


ਮਾਨਸਾ, 29 ਦਸੰਬਰ --ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ-ਤਿਉਂ ਹੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਫੂਕ-ਫੂਕ ਕੇ ਕਦਮ ਰੱਖ ਰਹੀ ਹੈ ਤੇ ਹਰ ਸੀਟ 'ਤੇ ਉਮੀਦਵਾਰ ਐਲਾਨਣ ਤੋਂ ਪਹਿਲਾਂ ਉਸ ਦੇ ਸਿਆਸੀ ਗ੍ਰਾਫ ਨੂੰ ਚਾਰੇ ਪਾਸਿਓਂ ਤੋਲਿਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮਾਨਸਾ ਹਲਕੇ ਤੋਂ ਤੇ ਉਨ੍ਹਾਂ ਦੀ ਨੂੰਹ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਸਾਂਝੇ ਮੋਰਚੇ ਦੇ ਕਨਵੀਨਰ ਮਨਪ੍ਰੀਤ ਸਿੰਘ ਬਾਦਲ ਦੇ ਮੁਕਾਬਲੇ ਗਿੱਦੜਬਾਹੇ ਤੋਂ ਉਮੀਦਵਾਰ ਬਣਾਉਣ ਦੀਆਂ ਚੱਲ ਰਹੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਪੰਜਾਬ ਦੀ ਰਾਜਨੀਤੀ ਵਿਚ ਤਹਿਲਕਾ ਮੱਚ ਗਿਆ ਹੈ ਜਦਕਿ ਅਕਾਲੀ ਦਲ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਵਲੋਂ ਉਮੀਦਵਾਰ ਦੇ ਐਲਾਨ ਤੋਂ ਪਹਿਲਾਂ ਇਹ ਸਾਰਾ ਮਾਮਲਾ ਭਾਵੇਂ ਅਜੇ ਸਕਰੀਨਿੰਗ ਕਮੇਟੀ ਦੇ ਕੋਲ ਹੈ ਪਰ ਖਾਸ ਤੌਰ 'ਤੇ ਕਾਂਗਰਸ ਪਾਰਟੀ ਮਾਨਸਾ ਤੇ ਗਿੱਦੜਬਾਹਾ ਹਲਕਿਆਂ ਵਿਚ ਆਪਣੇ ਉਮੀਦਵਾਰ ਉਤਾਰਣ ਲਈ ਕੋਈ ਵੀ ਕਾਹਲੀ ਨਾ ਕਰਨ ਦੇ ਸਮਾਚਾਰ ਪ੍ਰਾਪਤ ਹੋਏ ਹਨ। ਕਾਂਗਰਸ ਪਾਰਟੀ ਦੇ ਅਹਿਮ ਸੂਤਰਾਂ ਤੋਂ ਮਿਲੀ ਜਾਣਕਾਰੀ ਤਹਿਤ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਈ ਹੈ ਕਿ ਜੇ ਬਾਦਲ ਮਾਨਸਾ ਹਲਕੇ ਤੋਂ ਬਤੌਰ ਉਮੀਦਵਾਰ ਆਉਂਦੇ ਹਨ ਤਾਂ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਕਿਸੇ ਨਿੱਕੇ ਕੱਦ ਦੇ ਲੀਡਰ ਨੂੰ ਮੈਦਾਨ ਵਿਚ ਲਿਆਉਣ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ਹਿਜ਼ਾਦੇ ਯੁਵਰਾਜ ਰਣਇੰਦਰ ਸਿੰਘ ਜਾਂ ਆਪਣੇ ਭਰਾ ਰਾਜਾ ਮਾਲਵਿੰਦਰ ਸਿੰਘ ਜੋ ਕਿ ਪਟਿਆਲਾ ਦਿਹਾਤੀ ਤੋਂ ਪਾਰਟੀ ਟਿਕਟ ਦੇ ਚਾਹਵਾਨ ਹਨ, ਨੂੰ ਮੈਦਾਨ ਵਿਚ ਉਤਾਰ ਸਕਦੀ ਹੈ ਤਾਂ ਕਿ ਬਾਦਲ ਇਸ ਹਲਕੇ ਤੋਂ ਆਸਾਨੀ ਨਾਲ ਜਿੱਤ ਹਾਸਿਲ ਨਾ ਕਰ ਸਕਣ। ਇਥੇ ਇਹ ਗੱਲ ਦੱਸਣਯੋਗ ਹੈ ਕਿ ਪਾਰਲੀਮੈਂਟ ਚੋਣਾਂ ਦੌਰਾਨ ਬੀਬੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੇ ਚੋਣ ਲੜ ਕੇ ਸਮੁੱਚੀ ਅਕਾਲੀ-ਭਾਜਪਾ ਸਰਕਾਰ ਦੀਆਂ ਵਹੀਰਾਂ ਬਠਿੰਡਾ ਲੋਕ ਸਭਾ ਹਲਕੇ ਵੱਲ ਘੱਤ ਦਿੱਤੀਆਂ ਸੀ ਤੇ ਇਸ ਬਠਿੰਡਾ ਲੋਕ ਸਭਾ ਚੋਣ ਦੌਰਾਨ ਮਾਨਸਾ ਜ਼ਿਲੇ ਵਿਚ ਪੈਂਦੇ 3 ਵਿਧਾਨ ਸਭਾ ਹਲਕਿਆਂ ਵਿਚੋਂ ਸਿਰਫ਼ ਮਾਨਸਾ ਵਿਧਾਨ ਸਭਾ ਹਲਕਾ ਹੀ ਅਜਿਹਾ ਹਲਕਾ ਸੀ, ਜਿਸ ਵਿਚ ਕਾਂਗਰਸ ਪਾਰਟੀ ਨੇ ਲੀਡ ਕੀਤੀ ਸੀ। ਸਿਆਸੀ ਮਾਹਿਰਾਂ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਜਾਂ ਯੂਥ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਵਲੋਂ ਇਸ ਹਲਕੇ ਤੋਂ ਚੋਣ ਲੜਨ ਦੇ ਮੁੱਖ ਕਾਰਨ ਮਾਨਸਾ ਜ਼ਿਲੇ ਵਿਚ ਅਕਾਲੀ ਦਲ ਦੀ ਸਮੁੱਚੀ ਧੜੇਬੰਦੀ ਨੂੰ ਖਤਮ ਕਰਨਾ ਹੈ ਕਿਉਂਕਿ ਅਕਾਲੀ ਦਲ ਦੀ ਨਜ਼ਰ ਵਿਚ ਮਾਨਸਾ, ਸਰਦੂਲਗੜ੍ਹ ਤੇ ਬੁਢਲਾਡਾ ਹਲਕੇ ਤੋਂ ਉਮੀਦਵਾਰ ਵੀ ਜਿਤਾਉਣਾ ਅਹਿਮੀਅਤ ਰੱਖਦਾ ਹੈ ਕਿਉਂਕਿ ਬਾਦਲ ਪਰਿਵਾਰ ਬਠਿੰਡਾ ਤੇ ਮਾਨਸਾ ਜ਼ਿਲੇ ਨੂੰ ਆਪਣਾ ਜੱਦੀ ਜ਼ਿਲਾ ਬਣਾਉਣ ਦੇ ਰੌਂਅ ਵਿਚ ਹੈ। ਇਕੋ ਇਕ ਸੀਟ ਮਾਨਸਾ ਤੋਂ ਪਾਰਲੀਮੈਂਟ ਚੋਣਾਂ ਦੌਰਾਨ ਮਾਮੂਲੀ ਵੋਟਾਂ ਦੀ ਲੀਡ ਪ੍ਰਾਪਤ ਕਰਨ ਵਾਲੀ ਕਾਂਗਰਸ ਪਾਰਟੀ ਤੋਂ ਵੀ ਬਾਦਲ ਪਰਿਵਾਰ ਇਸ ਸੀਟ 'ਤੇ ਆਪਣੀ ਜਿੱਤ ਦਾ ਝੰਡਾ ਲਹਿਰਾਉਣ ਦੇ ਰੌਂਅ ਵਿਚ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਮਾਨਸਾ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਅਕਾਲੀ ਦਲ ਦੇ ਇਥੋਂ ਸੰਭਾਵੀ ਉਮੀਦਵਾਰ ਹਰਬੰਤ ਸਿੰਘ ਦਾਤੇਵਾਸ, ਸੁਖਵਿੰਦਰ ਸਿੰਘ ਔਲਖ ਤੇ ਮੁਨੀਸ਼ ਬੱਬੀ ਦਾਨੇਵਾਲੀਆ ਆਦਿ ਦਾ ਕਹਿਣਾ ਹੈ ਕਿ ਜੇਕਰ ਬਾਦਲ ਸਾਹਿਬ ਮਾਨਸਾ ਹਲਕੇ ਤੋਂ ਚੋਣ ਲੜਦੇ ਹਨ ਤਾਂ ਮਾਨਸਾ ਜ਼ਿਲੇ ਲਈ ਇਹ ਮਾਣ ਵਾਲੀ ਗੱਲ ਹੋਵੇਗੀ। ਦੂਜੇ ਪਾਸੇ 30 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਤ-ਹਾਰ ਨੂੰ ਮੁੱਖ ਰੱਖਦਿਆਂ ਸੱਟਾ ਬਾਜ਼ਾਰ ਪੂਰੀ ਤਰ੍ਹਾਂ ਸਰਗਰਮ ਹੈ। ਦੂਜੇ ਪਾਸੇ ਮਾਨਸਾ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਸ਼ੇਰ ਸਿੰਘ ਗਾਗੋਵਾਲ ਵਿਧਾਇਕ, ਮੰਗਤ ਰਾਏ ਬਾਂਸਲ ਵਿਧਾਇਕ, ਕਾਂਗਰਸੀ ਆਗੂ ਮਨਜੀਤ ਸਿੰਘ ਝਲਬੂਟੀ, ਸੁਰਿੰਦਰਪਾਲ ਸਿੰਘ ਆਹਲੂਵਾਲੀਆ, ਰਾਮਪਾਲ ਢੈਪਈ ਤੇ ਗੁਰਪ੍ਰੀਤ ਸਿੰਘ ਵਿੱਕੀ ਟਿਕਟ ਲੈਣ ਦੇ ਚਾਹਵਾਨ ਹਨ