ਮਾਮਲਾ ਲੜਕੀ ਤੇ ਲੜਕੇ ਦੇ ਪਿਆਰ ਸੰਬੰਧ ਦਾ
ਰਾਵਲਪਿੰਡੀ (ਮੇਹਟੀਆਣਾ), 4 ਦਸੰਬਰ - ਥਾਣਾ ਰਾਵਲਪਿੰਡੀ ਦੀ ਪੁਲਸ ਨੇ ਕਤਲ ਦੇ ਸੰਬੰਧ ਵਿਚ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕੁਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬਗਾਣਾ ਨੇ ਰਾਵਲਪਿੰਡੀ ਦੀ ਪੁਲਸ ਨੂੰ ਦੱਸਿਆ ਕਿ ਮੇਰਾ ਛੋਟਾ ਭਰਾ ਹਰਵਿੰਦਰ ਸਿੰਘ ਬਬਲੂ ਜਦੋਂ ਉਹ ਕਾਲਜ ਵਿਚ ਪੜ੍ਹਦਾ ਸੀ ਤਾਂ ਡੁਮੇਲੀ ਦੇ ਕਾਲਜ ਵਿਚ ਪੜ੍ਹਦੀ ਜਸਪ੍ਰੀਤ ਕੌਰ ਪੁੱਤਰੀ ਚੰਚਲ ਸਿੰਘ ਵਾਸੀ ਪਿੰਡ ਸਾਹਣੀ ਨਾਲ ਸੰੰਬੰਧ ਬਣ ਗਏ ਅਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਲੜਕੀ ਦੇ ਮਾਤਾ-ਪਿਤਾ ਇਹ ਨਹੀਂ ਚਾਹੁੰਦੇ ਸੀ ਕਿ ਉਹ ਦੋਵੇਂ ਵਿਆਹ ਕਰਵਾਉਣ ਕਿਉਂਕਿ ਅਸੀਂ ਨੀਵੀਂ ਜਾਤੀ ਨਾਲ ਸੰਬੰਧ ਰੱਖਦੇ ਹਾਂ। ਇਸ ਸੰਬੰਧੀ ਲੜਕੀ ਦੇ ਮਾਤਾ-ਪਿਤਾ ਨੇ ਪਹਿਲਾਂ ਵੀ ਸਾਨੂੰ ਘਰ ਆ ਕੇ ਸਾਡੇ ਲੜਕੇ ਨੂੰ ਧਮਕੀ ਦਿੱਤੀ ਸੀ ਤੇ ਸਾਨੂੰ ਆਖਿਆ ਸੀ ਕਿ ਤੁਸੀਂ ਇਸ ਨੂੰ ਸਮਝਾ ਲਓ ਨਹੀਂ ਤਾਂ ਅਸੀਂ ਇਸ ਨੂੰ ਸਮਝਾਉਣਾ ਜਾਣਦੇ ਹਾਂ। ਉਸ ਤੋਂ ਬਾਅਦ ਉਨ੍ਹਾਂ ਦੀ ਲੜਕੀ ਸਾਡੇ ਲੜਕੇ ਨੂੰ ਫੋਨ ਕਰਦੀ ਰਹੀ ਕਿ ਮੇਰੇ ਨਾਲ ਵਿਆਹ ਕਰਵਾ ਲੈ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ। ਜੇਕਰ ਮੈਂ ਕਿਸੇ ਹੋਰ ਨਾਲ ਵਿਆਹ ਨਾ ਕਰਵਾਇਆ ਤਾਂ ਉਨ੍ਹਾਂ ਨੂੰ ਮੈਨੂੰ ਮਾਰ ਦੇਣਾ। ਮਿਤੀ 30.11.11 ਨੂੰ ਜਦੋਂ ਮੇਰੇ ਛੋਟੇ ਭਰਾ ਹਰਵਿੰਦਰ ਬਬਲੂ ਦੇ ਮੰਮੀ ਡੈਡੀ ਫਗਵਾੜੇ ਦਵਾਈ ਲੈਣ ਗਏ ਹੋਏ ਸਨ ਤਾਂ ਮੇਰਾ ਭਰਾ ਹਰਵਿੰਦਰ ਮੇਰੇ ਨਾਲ ਟਰੈਕਟਰ 'ਤੇ ਬਹਾਈ ਕਰ ਰਿਹਾ ਸੀ। ਉਸ ਨੇ ਮੈਨੂੰ ਕਿਹਾ ਕਿ ਮੈਨੂੰ ਫੋਨ ਆਇਆ ਹੈ ਕਿ ਮੈਂ ਕਿਸੇ ਨੂੰ ਮਿਲ ਕੇ ਥੋੜ੍ਹੀ ਦੇਰ ਵਿਚ ਵਾਪਸ ਆਉਂਦਾ ਹਾਂ। ਫਿਰ ਮੇਰੇ ਫੋਨ 'ਤੇ ਫੋਨ ਆਇਆ ਕਿ ਤੁਹਾਡੇ ਲੜਕੇ ਹਰਵਿੰਦਰ ਅਤੇ ਸਾਡੀ ਲੜਕੀ ਦੇ ਗੋਲੀ ਲੱਗ ਗਈ ਹੈ। ਜਦ ਮੈਂ ਅਤੇ ਗੁਰਸ਼ਰਨ ਸਿੰਘ ਉਰਫ ਲਾਲੀ ਪਿੰਡ ਸਾਹਣੀ ਪਹੁੰਚੇ ਤਾਂ ਮੇਰਾ ਭਰਾ ਹਰਵਿੰਦਰ ਗੋਲੀ ਲੱਗਣ ਕਰਕੇ ਤੜਫ ਰਿਹਾ ਸੀ। ਲੜਕੀ ਜਸਪ੍ਰੀਤ ਕੌਰ ਅਤੇ ਉਸ ਦਾ ਪਿਓ ਚੰਚਲ ਸਿੰਘ ਜਿਹੜਾ ਕਿ ਪਿਛਲੇ ਦਿਨੀਂ ਮੇਰੇ ਭਰਾ ਨੂੰ ਧਮਕੀ ਦੇ ਕੇ ਗਿਆ ਸੀ ਅਤੇ ਤਿੰਨ-ਚਾਰ ਹੋਰ ਔਰਤਾਂ ਮੇਰੇ ਭਰਾ ਕੋਲ ਖੜ੍ਹੀਆਂ ਸਨ। ਉਨ੍ਹਾਂ ਦੇ ਘਰ ਦੇ ਬਾਹਰ ਇਨੋਵਾ ਗੱਡੀ ਖੜ੍ਹੀ ਸੀ ਜਿਸ ਵਿਚ ਉਕਤ ਆਦਮੀ ਸਾਡੇ ਘਰ ਧਮਕੀ ਦੇਣ ਆਇਆ ਸੀ। ਮੈਂ ਆਪਣੀ ਗੱਡੀ ਵਿਚ ਆਪਣੇ ਜ਼ਖਮੀ ਭਰਾ ਹਰਵਿੰਦਰ ਸਿੰਘ ਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਦੀ ਮੌਤ ਹੋ ਗਈ। ਮੇਰੇ ਭਰਾ ਨੂੰ ਲੜਕੀ ਵਾਲਿਆਂ ਨੇ ਗਿਣੀ-ਮਿੱਥੀ ਸਾਜ਼ਿਸ਼ ਅਧੀਨ ਕਤਲ ਕਰ ਦਿੱਤਾ ਹੈ। ਇਸੇ ਸੰਬੰਧ ਵਿਚ ਥਾਣਾ ਰਾਵਲਪਿੰਡੀ ਦੀ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਦੇ ਸੰਬੰਧ ਵਿਚ ਪੁਲਸ ਨੇ ਪਹਿਲਾਂ ਵੀ 174 ਤਹਿਤ ਮਾਮਲਾ ਦਰਜ ਕੀਤਾ ਸੀ ਪਰ ਲੜਕੇ ਦੇ ਪਰਿਵਾਰਕ ਮੈਂਬਰ ਵਾਰ-ਵਾਰ ਇਸ ਨੂੰ ਹੱਤਿਆ ਦੀ ਸਾਜ਼ਿਸ਼ ਦੱਸ ਰਹੇ ਸੀ ਅਤੇ ਅੱਜ ਜਦੋਂ 300 ਦੇ ਕਰੀਬ ਪਿੰਡ ਬਗਾਣਾ ਅਤੇ ਰਿਹਾਣਾ ਜੱਟਾਂ ਦੇ ਲੋਕ ਇਸ ਹੋਈ ਹੱਤਿਆ ਦੇ ਸੰਬੰਧ ਵਿਚ ਧਰਨਾ ਦੇਣ ਲਈ ਚਲੇ ਸੀ ਤਾਂ ਮਜਬੂਰਨ ਰਾਵਲਪਿੰਡੀ ਦੀ ਪੁਲਸ ਨੂੰ ਮਾਮਲਾ ਦਰਜ ਕਰਨਾ ਪਿਆ।
No comments:
Post a Comment