ਥੱਪੜ ਕਾਂਡ ਦਾ ਲਾਹਾ ਲੈ ਰਹੀਆਂ ਨੇ ਸਿਆਸੀ ਪਾਰਟੀਆਂ

ਗਿੱਦੜਬਾਹਾ, 14 ਦਸੰਬਰ -- ਪਿੰਡ ਦੌਲਾ ਦੇ ਸਰਪੰਚ ਵਲੋਂ ਇਕ ਈ. ਜੀ. ਐੱਸ. ਅਧਿਆਪਕਾ ਦੇ ਥੱਪੜ ਮਾਰੇ ਜਾਣ ਦੇ ਪੂਰੇ ਘਟਨਾਕ੍ਰਮ ਨੂੰ ਅੱਜ ਇਕ ਰਾਜਨੀਤਿਕ ਪਾਰਟੀ ਵਲੋਂ ਇਸ਼ਤਿਹਾਰ ਦੇ ਰੂਪ ਵਿਚ ਕੁਝ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕਰਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਥੱਪੜ ਕਾਂਡ ਦੀ ਪੀੜਤ ਅਧਿਆਪਕਾ ਬਰਿੰਦਰਪਾਲ ਕੌਰ ਅਤੇ ਈ. ਜੀ. ਐੱਸ. ਅਧਿਆਪਕ ਯੂਨੀਅਨ ਦੇ ਪੰਜਾਬ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਕਰਕੇ ਰਾਜਨੀਤਿਕ ਪਾਰਟੀਆਂ ਇਸ ਮਾਮਲੇ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਧਰਨੇ ਵਾਲੀ ਜਗ੍ਹਾ ਹੁਸਨਰ ਚੌਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਰਿੰਦਰਪਾਲ ਕੌਰ ਨੇ ਕਿਹਾ ਕਿ ਇਕ ਰਾਜਨੀਤਿਕ ਪਾਰਟੀ ਵਲੋਂ ਥੱਪੜ ਕਾਂਡ ਨੂੰ ਇਸ਼ਤਿਹਾਰ ਦਾ ਰੂਪ ਦੇ ਕੇ ਉਸ ਦੇ ਜ਼ਖ਼ਮਾਂ ਨੂੰ ਮੁੜ ਤੋਂ ਹਰਾ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਉਹ ਆਪਣੀ ਯੂਨੀਅਨ ਦੀ ਰਾਜ ਪੱਧਰੀ ਮੀਟਿੰਗ ਵਿਚ ਉਕਤ ਇਸ਼ਤਿਹਾਰ 'ਤੇ ਕਾਨੂੰਨੀ ਕਾਰਵਾਈ ਕਰਨ ਲਈ ਵਿਚਾਰ ਕਰਨਗੇ। ਪ੍ਰਿਤਪਾਲ ਸਿੰਘ ਅਤੇ ਬਰਿੰਦਰਪਾਲ ਕੌਰ ਨੇ ਸਾਂਝੇ ਤੌਰ 'ਤੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਉਹ ਸਿਰਫ ਆਪਣੀਆਂ ਮੰਗਾਂ ਲਈ ਹੀ ਸੰਘਰਸ਼ ਕਰ ਰਹੇ ਹਨ, ਇਸ ਲਈ ਕੋਈ ਵੀ ਰਾਜਨੀਤਿਕ ਪਾਰਟੀ ਇਸ ਮਾਮਲੇ ਨੂੰ ਰਾਜਨੀਤਿਕ ਰੰਗ ਦੇਣ ਦੀ ਕੋਸ਼ਿਸ਼ ਨਾ ਕਰੇ।
No comments:
Post a Comment