ਮਾਨਸਾ, 14 ਦਸੰਬਰ --ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵਿਦੇਸ਼ੀ ਔਰਤ ਕਹਿਣ ਤੇ ਕਾਂਗਰਸੀ ਖੇਮੇ ਵਿਚ ਜਿੱਥੇ ਤਿੱਖਾ ਰੋਸ ਪੈਦਾ ਹੋ ਗਿਆ ਹੈ, ਉਥੇ ਹੀ ਇਸ ਗੱਲ ਨੂੰ ਲੈ ਕੇ ਕਾਂਗਰਸੀ ਅਤੇ ਅਕਾਲੀ ਇਕ ਦੂਜੇ ਦੇ ਸਾਹਮਣੇ ਆ ਗਏ ਹਨ, ਜਿੱਥੇ ਅਕਾਲੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਕਹੇ ਮੁਤਾਬਿਕ ਸੋਨੀਆ ਗਾਂਧੀ ਨੂੰ ਵਿਦੇਸ਼ੀ ਔਰਤ ਕਹਿ ਰਹੇ ਹਨ ਉਥੇ ਹੀ ਕਾਂਗਰਸੀ ਅਕਾਲੀਆਂ ਨੂੰ ਇਸ ਦੀ ਬੁਖਲਾਹਟ ਦੀ ਨਿਸ਼ਾਨੀ ਦੱਸ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਸ਼ੇਰ ਸਿੰਘ ਗਾਗੋਵਾਲ ਨੇ ਕਿਹਾ ਕਿ ਬੀਬੀ ਬਾਦਲ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਇਹ ਭੁੱਲ ਗਈ ਕਿ ਸੋਨੀਆ ਭਾਰਤ ਦੀ ਉਹ ਨਾਗਰਿਕ ਹੈ ਜਿਸ ਨੇ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਤਿਆਗ ਕੇ ਪੰਜਾਬ ਦੇ ਜੰਮਪਲ ਅਰਥ ਸ਼ਾਸਤਰੀ ਇਕ ਸਿੱਖ ਵਿਦਵਾਨ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਨਿਵਾਜ ਕੇ ਸਮੁੱਚੀ ਸਿੱਖ ਕੌਮ ਦਾ ਤੇ ਪੰਜਾਬੀਆਂ ਦਾ ਮਾਣ ਨਾਲ ਸਿਰ ਉਚਾ ਕੀਤਾ ਹੈ।  ਉਨ੍ਹਾਂ ਕਿਹਾ ਕਿ ਬੀਬੀ ਬਾਦਲ ਦਾ ਇਹ ਬਿਆਨ ਬੁਖਲਾਹਟ ਦੀ ਨਿਸ਼ਾਨੀ ਹੈ। ਉਨ੍ਹਾ ਕਿਹਾ ਕਿ ਬੀਬੀ ਬਾਦਲ ਹੁਣ ਲੋਕਾਂ ਦੇ ਦਰਾਂ 'ਤੇ ਜਾ ਕੇ ਵੋਟਾਂ ਮੰਗਣ ਦੀ ਬਜਾਏ ਸਕੂਲੀ ਬੱਚਿਆਂ ਅੱਗੇ ਵੋਟਾਂ ਹੱਥ ਅੱਡ ਰਹੀ ਹੈ ਜੋ ਸੰਵਿਧਾਨ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਬੀਬੀ ਬਾਦਲ ਔਰਤਾਂ ਦੇ ਵਧ ਅਧਿਕਾਰਾਂ ਦੀ ਗੱਲ ਕਰ ਰਹੀ ਹੈ ਤਾਂ ਉਸ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਪਾਰਟੀ ਦੀ ਪ੍ਰਧਾਨ ਹੁੰਦਿਆ ਸੋਨੀਆ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮੁਖ ਮੰਤਰੀਆਂ ਦੀ ਚੋਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੀਬੀ ਬਾਦਲ ਅਜਿਹੀ ਘਟੀਆ ਬਿਆਨਬਾਜ਼ੀ ਕਰਨ ਤੋ ਗੁਰੇਜ਼ ਕਰੇ। ਇੱਥੇ ਇਹ ਵਰਨਣਯੋਗ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਜ਼ਿਲੇ ਵਿਚ ਵੱਖ-ਵੱਖ ਥਾਵਾਂ 'ਤੇ ਸੰਗਤ ਦਰਸ਼ਨ ਦੌਰਾਨ ਕਿਹਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੱਤਾ ਵਾਲੇ ਸੂਬਿਆਂ ਦੇ ਮੁੱਖ ਮੰਤਰੀ ਦੀ ਚੋਣ ਦਾ ਫੈਸਲਾ ਪਾਰਟੀ ਦੀ ਬਜਾਏ ਇਕ ਵਿਦੇਸ਼ੀ ਬੀਬੀ ਸੋਨੀਆ ਗਾਂਧੀ ਕਰਦੀ ਹੈ ਤਾਂ ਫਿਰ ਉਸ ਪਾਰਟੀ ਤੋਂ ਆਮ ਲੋਕਾਂ ਲਈ ਕੀ ਆਸ ਰੱਖੀ ਜਾ ਸਕਦੀ ਹੈ, ਨੂੰ ਲੈ ਕੇ ਕਾਂਗਰਸੀਆਂ ਵਿਚ ਨਵਾਂ ਬਬਾਲ ਖੜ੍ਹਾ ਕਰ ਦਿੱਤਾ ਹੈ।