ਚੰਡੀਗੜ੍ਹ ਦੇ ਸੁਖਨਾ ਝੀਲ 'ਚ ਪੰਜਾਬ ਪੁਲਸ ਦੀ ਇਕ ਪਾਰਟੀ 'ਚ ਟ੍ਰੇਨਰ ਵਜੋਂ ਤੈਨਾਤ ਜਰਨੈਲ ਸਿੰਘ ਨੂੰ ਸੋਮਵਾਰ ਰਾਤ ਇਕ ਸੁਰੱਖਿਆ ਨਾਕੇ ਤੋਂ ਲੰਘਦੇ ਹੋਏ ਗ੍ਰਿਫਤਾਰ ਕੀਤਾ। ਉਸ 'ਤੇ ਖੁਦ ਨੂੰ ਇੰਸਪੈਕਟਰ ਦੱਸਣ ਅਤੇ ਉਸ ਜਿਹੇ ਕੱਪੜੇ ਪਾਉਣ ਅਤੇ ਚੋਰੀ ਦੀ ਪਜੈਰੋ ਕਾਰ 'ਚ ਘੁੰਮਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਚੰਡੀਗੜ੍ਹ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਉਸਨੇ ਮੰਨਿਆ ਕਿ ਉਹ ਲੋਕਾਂ ਵਿਚ ਇੰਸਪੈਕਟਰ ਦਾ ਰੌਬ ਜਮਾਉਂਦਾ ਸੀ ਅਤੇ ਡਿਸਕੋਥੇਕ 'ਤੇ ਜਾ ਕੇ ਲੜਕੀਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਸੀ। ਉਹ ਹਮੇਸ਼ਾ ਡਿਸਕੋ, ਪਬ ਅਤੇ ਕਲੱਬ 'ਚ ਜਾਂਦਾ  ਸੀ। ਜਦੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਉਹ ਇੰਸਪੈਕਟਰ ਦੀ ਯੂਨੀਫਾਰਮ ਪਹਿਨੇ ਹੋਏ ਸੀ ਅਤੇ ਚੋਰੀ ਦੀ ਕਾਰ 'ਚ ਸੀ।ਅਪਰਾਧ ਸ਼ਾਖਾ ਦੇ ਮੁਖੀ ਅਮਨਜੋਤ ਸਿੰਘ ਨੇ ਦੱਸਿਆ ਕਿ ਅਸੀਂ ਉਸ ਨੂੰ ਨਾਕੇ ਕੋਲ ਰੋਕਿਆ ਤਾਂ ਉਸਦਾ ਵਿਵਹਾਰ ਸ਼ੱਕੀ ਲੱਗਾ। ਉਸਨੇ ਆਪਣਾ ਪਛਾਣ ਪੱਤਰ ਨਹੀਂ ਦਿੱਤਾ ਪਰ ਜਦੋਂ ਅਸੀਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਸਾਨੂੰ ਦੋ ਪਛਾਣ ਪੱਤਰ ਮਿਲੇ। ਇਨ੍ਹਾਂ 'ਚੋਂ ਇਕ ਸਹੀ ਸੀ ਜਦੋਂਕਿ ਦੂਜਾ ਨਕਲੀ ਸੀ। ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਸ ਬਟਾਲੀਅਨ ਨੂੰ ਇਸਦੀ ਸੂਚਨਾ ਦੇ ਦਿੱਤੀ ਗਈ ਜਿੱਥੇ ਉਹ ਤੈਨਾਤ ਸੀ।
ਪੁਲਸ ਨੂੰ ਜਾਂਚ 'ਚ ਪਤਾ ਚੱਲਿਆ ਕਿ ਗੱਡੀ ਦੀ ਚੋਰੀ ਮਾਰਚ 'ਚ ਦਿੱਲੀ ਤੋਂ ਹੋਈ ਸੀ ਅਤੇ ਇਸ ਸਿਲਸਿਲੇ 'ਚ ਲਾਜਪਤ ਨਗਰ ਥਾਣਾ 'ਚ ਇਕ ਮਾਮਲਾ ਵੀ ਦਰਜ  ਕਰਾਇਆ ਗਿਆ ਸੀ। ਪੰਜਾਬ ਦੇ ਮੋਗਾ ਜ਼ਿਲੇ ਦੇ ਜਰਨਲ ਸਿੰਘ 'ਤੇ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 10 ਲੱਖ ਰੁਪਏ ਠੱਗਣ ਦਾ ਦੋਸ਼ ਵੀ ਹੈ। ਪੁਲਸ ਅਨੁਸਾਰ ਉਸਨੇ ਆਪਣੀ ਪਤਨੀ ਅਤੇ ਸਹੁਰੇ ਵਾਲਿਆਂ ਨੂੰ ਵੀ ਆਪਣੇ ਇੰਸਪੈਕਟਰ ਹੋਣ ਦੀ ਗੱਲ ਦੱਸੀ ਸੀ।  ਸਤੰਬਰ 'ਚ ਉਸ ਨੂੰ ਇਕ ਮਸ਼ਹੂਰ ਡਿਸਕੋਥੈਕ 'ਚ ਦੋ ਲੜਕੀਆਂ ਨਾਲ ਗਲਤ ਵਿਵਹਾਰ ਕਰਨ ਦੇ ਦੋਸ਼ 'ਚ ਸਸਪੈਂਡ ਕਰ ਦਿੱਤਾ ਸੀ।