ਗਿੱਦੜਬਾਹਾ, 13 ਦਸੰਬਰ-- ਈ. ਜੀ. ਐੱਸ. ਅਧਿਆਪਕਾਂ ਵਲੋਂ ਚੰਡੀਗੜ੍ਹ-ਮਲੋਟ ਰੋਡ ਕੌਮੀ ਸ਼ਾਹ ਨੰਬਰ 15 'ਤੇ ਮਲੋਟ ਵਾਲੇ ਪਾਸੇ ਗਿੱਦੜਬਾਹਾ ਤੋਂ 4 ਕਿਲੋਮੀਟਰ ਦੂਰ ਰਾਜਸਥਾਨ ਤੇ ਸਰਹੰਦ ਫੀਡਰ ਵਾਲੇ ਦੋਵਾਂ ਰਸਤਿਆਂ 'ਤੇ ਲਗਾਏ ਗਏ ਧਰਨੇ ਦੌਰਾਨ ਦੋ ਈ. ਜੀ. ਐੱਸ. ਅਧਿਆਪਕਾਂ ਨੇ ਰਾਜਸਥਾਨ ਫੀਡਰ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਮੌਜੂਦ ਪੁਲਸ ਤੇ ਅਧਿਆਪਕ ਸਾਥੀਆਂ ਨੇ ਦੋਵਾਂ ਨੂੰ ਫੜ ਲਿਆ।  ਜਾਣਕਾਰੀ ਅਨੁਸਾਰ ਧਰਨਾ ਦੇ ਰਹੇ ਈ. ਜੀ. ਐੱਸ. ਦੀ ਕਈ ਘੰਟੇ ਬਾਅਦ ਵੀ ਪ੍ਰਸ਼ਾਸਨ ਵਲੋਂ ਕਿਸੇ ਅਧਿਕਾਰੀ ਨੇ ਸਾਰ ਨਹੀਂ ਲਈ ਤਾਂ ਦੋ ਈ. ਜੀ. ਐੱਸ. ਅਧਿਆਪਕਾਂ ਕੁਲਵੀਰ ਸਿੰਘ ਜਨਰਲ ਸਕੱਤਰ ਈ. ਜੀ. ਐੱਸ. ਯੂਨੀਅਨ ਪੰਜਾਬ ਤੇ ਨਛੱਤਰ ਸਿੰਘ ਲੁਧਿਆਣਾ ਨੇ ਨਹਿਰ 'ਚ ਛਾਲ ਮਾਰ ਕੇ ਮਰਨ ਦਾ ਐਲਾਨ ਕਰ ਦਿੱਤਾ। ਇਸ 'ਤੇ ਕੁਝ ਸਮੇਂ 'ਚ ਹੀ ਭਾਰੀ ਗਿਣਤੀ 'ਚ ਪੁਲਸ ਫੋਰਸ ਤੇ ਕਮਾਂਡੋ ਸਮੇਤ ਐੱਸ. ਡੀ. ਐੱਮ. ਪੁਸ਼ਪਿੰਦਰ ਸਿੰਘ ਕੈਲੇ ਤੇ ਡੀ. ਐੱਸ. ਪੀ. ਭੁਪਿੰਦਰ ਸਿੰਘ ਵੀ ਮੌਕੇ 'ਤੇ ਪੁੱਜ ਗਏ। ਉਧਰ ਜਦੋਂ ਦੋਵਾਂ ਅਧਿਆਪਕਾਂ ਨੇ ਨਹਿਰ ਵਿਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੌਕੇ 'ਤੇ ਹਾਜ਼ਰ ਪੁਲਸ ਨੇ ਦੋਵਾਂ ਅਧਿਆਪਕਾਂ ਨੂੰ ਫੜ ਲਿਆ ਭਾਵੇਂ ਕਾਫੀ ਦੇਰ ਹੋਈ ਜੱਦੋ-ਜ਼ਹਿਦ ਦੌਰਾਨ ਉਹ ਨਹਿਰ 'ਚ ਲਟਕਦੇ ਰਹੇ ਪਰ ਆਖਰਕਾਰ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ। ਇਸ ਦੌਰਾਨ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕਿ ਥੱਪੜ ਦੇ ਮਾਮਲੇ 'ਚ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇਗਾ ਤੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਲ ਹੋ ਰਹੀ ਮੀਟਿੰਗ 'ਚ ਅਧਿਆਪਕਾਂ ਨੂੰ ਨੌਕਰੀ ਦੇਣ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ। ਇਸ ਭਰੋਸੇ 'ਤੇ ਸ਼ਾਮ 5.30 ਵਜੇ ਧਰਨਾ ਚੁੱਕ ਦਿੱਤਾ ਗਿਆ।