ਪੋਜੇਵਾਲ ਸਰਾਂ, 13 ਜਨਵਰੀ - ਅੱਜ ਦੇ ਯੁੱਗ 'ਚ ਲੜਕੀਆਂ ਭਾਵੇ ਅਸਮਾਨਾਂ ਦੀਆਂ ਬੁਲੰਦੀਆਂ ਨੂੰ ਛੂਹ ਰਹੀਆਂ ਹਨ ਪਰ ਕੁਝ ਮਾਪੇ ਅਜੇ ਵੀ ਲੜਕੀਆਂ ਨੂੰ ਬੋਝ ਸਮਝਦੇ ਹਨ ਤੇ ਅਨੈਤਿਕ ਤਰੀਕਿਆਂ ਰਾਹੀ ਮਾਂ ਦੀ ਕੁੱਖ 'ਚ ਹੀ ਬੇਟੀ ਦੇ ਭਰੂਣ ਦੀ ਹੱਤਿਆ ਕਰਵਾ ਦਿੰਦੇ ਹਨ। ਕਲਪਨਾ ਚਾਵਲਾ, ਕਿਰਨ ਬੇਦੀ, ਪੀ. ਟੀ. ਉਸ਼ਾ, ਮਦਰ ਟਰੇਸਾ ਆਦਿ ਵਰਗੀਆਂ ਬੇਟੀਆਂ ਨੇ ਇਤਿਹਾਸ ਦੇ ਸੁਨਹਿਰੀ ਅੱਖਰਾਂ 'ਚ ਆਪਣਾ ਨਾਂ ਲਿਖਾਇਆ ਪਰ ਫਿਰ ਵੀ ਬੇਟੀਆਂ ਨੂੰ ਕੁੱਖ 'ਚ ਕਤਲ ਕਰਵਾਇਆ ਜਾਂਦਾ ਹੈ। ਇਸ ਸਬੰਧ 'ਚ ਕੇ. ਐੱਸ. ਗਰੇਵਾਲ ਦਾ ਕਹਿਣਾ ਹੈ ਕਿ ਉਹ ਕਿਹੜਾ ਕੰਮ ਹੈ ਜੋ ਬੇਟੀਆਂ ਨਹੀਂ ਕਰ ਸਕਦੀਆਂ ਤੇ ਧੀਆਂ ਹਮੇਸ਼ਾ ਆਪਣੇ ਮਾਪਿਆਂ ਦੇ ਦੁੱਖ-ਸੁੱਖ 'ਚ ਸਹਾਈ ਹੁੰਦੀਆਂ ਹਨ। ਇਸ ਬਾਰੇ ਰਾਮਜੀਦਾਸ ਮੀਲੂ ਦਾ ਕਹਿਣਾ ਹੈ ਕਿ 'ਅਸੰਖ ਗਲਵਢ ਹੱਤਿਆ ਕਮਾਹਿ, ਅਸੰਖ ਪਾਪੀ ਪਾਪੁ ਕਰਿ ਜਾਹਿ' ਭਾਵ ਗੱਲ ਵੱਢ ਕੇ ਹੱਤਿਆ ਕਰਨ ਵਾਲੇ ਵੀ ਬੇਅੰਤ ਹਨ ਤੇ ਪਾਪ ਕਰਨ ਵਾਲੇ ਪਾਪੀ ਵੀ ਬੇਅੰਤ ਹਨ ਤੇ ਭਰੂਣ ਹੱਤਿਆ ਕਰਨਾ ਬਹੁਤ ਵੱਡਾ ਪਾਪ ਹੈ। ਜਿਨ੍ਹਾਂ ਮਾਪਿਆਂ ਦੀ ਸੋਚ ਇਹ ਹੈ ਕਿ ਉਨ੍ਹਾਂ ਦਾ ਵੰਸ਼ ਬੇਟੇ ਨਾਲ ਹੀ ਚਲਦਾ ਹੈ ਤਾਂ ਇਹ ਬਹੁਤ ਹੀ ਦਕਿਆਨੂਸੀ ਗੱਲ ਹੈ। ਇਸ ਸਬੰਧੀ ਹਰਮਨਜੀਤ ਸਿੰਘ ਦਾ ਕਹਿਣਾ ਹੈ ਕਿ ਬੇਟੀਆਂ ਤਾਂ ਸਦਾ ਮਾਪਿਆਂ ਦੇ ਕਹਿਣ ਅਨੁਸਾਰ ਚਲਦੀਆਂ ਹਨ ਜਦਕਿ ਲੜਕੇ ਮਾਤਾ ਪਿਤਾ ਦੀ ਕਹੀ ਗੱਲ ਨੂੰ ਸਦਾ ਨਜ਼ਰ ਅੰਦਾਜ ਕਰ ਦਿੰਦੇ ਹਨ। ਭਾਵੇ ਤੁਸੀਂ ਲੜਕਿਆਂ ਦਾ ਭਵਿੱਖ ਬਣਾਉਣ ਲਈ ਜਿੰਨਾਂ ਮਰਜ਼ੀ ਖੂਨ ਪਸੀਨਾ ਵਹਾ ਦਿਓ ਪਰ ਫਿਰ ਵੀ ਇਹ ਮਾਤਾ ਪਿਤਾ ਨੂੰ ਕਹਿਣਗੇ ਤੁਸੀਂ ਸਾਡੇ ਲਈ ਕੀ ਕੀਤਾ ਹੈ। ਇਸ ਬਾਰੇ ਸਰਬਜੀਤ ਸਿੰਘ ਸਾਬੀ ਦਾ ਵਿਚਾਰ ਹੈ ਕਿ ਭਰੂਣ ਹੱਤਿਆ ਕਰਨ ਨਾਲ ਚਾਰ ਪ੍ਰਕਾਰ ਦਾ ਪਾਪ ਇਨਸਾਨ ਦੇ ਸਿਰ ਚੜ੍ਹ ਜਾਂਦਾ ਹੈ ਪਹਿਲਾ ਪਾਪ ਬੇਟੀ ਦੀ ਹੱਤਿਆ, ਦੂਜਾ ਪਾਪ ਭੈਣ ਦੀ ਹੱਤਿਆ, ਤੀਜਾ ਪਾਪ ਪਤਨੀ ਦੀ ਹੱਤਿਆ ਤੇ ਚੌਥਾ ਪਾਪ ਮਾਂ ਦੀ ਹੱਤਿਆ ਭਾਵ ਜਨਮ ਲੈਣ ਵਾਲੀ ਬੱਚੀ ਕਿਸੇ ਦੀ ਧੀ, ਕਿਸੇ ਦੀ ਪਤਨੀ, ਕਿਸੇ ਦੀ ਭੈਣ ਤੇ ਕਿਸੇ ਦੀ ਮਾਂ ਵੀ ਬਣਨਾ ਸੀ। ਇਸ ਲਈ ਭਰੂਣ ਹੱਤਿਆ ਕਰਨਾ ਬਹੁਤ ਵੱਡਾ ਪਾਪ ਤੇ ਕਾਨੂੰਨੀ ਜ਼ੁਰਮ ਹੈ।