ਬਹਾਦਰਗੜ੍ਹ, 14 ਜਨਵਰੀ --ਅੱਜ ਪਿੰਡ ਮਹਿਮਦਪੁਰ ਜੱਟਾਂ ਵਿਖੇ ਸਥਿਤੀ ਉਸ ਸਮੇਂ ਤਨਾਅਪੂਰਨ ਹੋ ਗਈ ਜਦੋਂ ਮਾਰੂਤੀ ਕਾਰਾਂ ਦੇ ਗੁਦਾਮ ਨੇੜੇ ਮੁਹੱਲਾ ਵਾਸੀਆਂ ਨੇ ਪੰਜਾਬ ਪੁਲਸ ਦੇ ਇਕ ਡੀ.ਐੱਸ.ਪੀ. ਨੂੰ ਔਰਤ ਨਾਲ ਸ਼ੱਕੀ ਹਾਲਤ ਵਿਚ ਫੜ ਲਿਆ ਅਤੇ ਉਸ ਦੀ ਸਰਕਾਰੀ ਨੀਲੀ ਬੱਤੀ ਵਾਲੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ। ਇਹ ਮਾਮਲਾ ਪੁਲਸ ਚੌਕੀ ਬਹਾਦਰਗੜ੍ਹ ਵਿਖੇ ਪਹੁੰਚਿਆ ਤੇ ਦੇਰ ਸ਼ਾਮ ਤੱਕ ਕਾਫੀ ਗਹਿਮਾ-ਗਹਿਮੀ ਹੁੰਦੀ ਰਹੀ ਪਰ ਅਖੀਰ ਪੁਲਸ ਨੇ ਇਸ ਕੇਸ ਨੂੰ ਰਫਾ-ਦਫਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕਮਾਂਡੋ ਬਟਾਲੀਅਨ ਬਹਾਦਰਗੜ੍ਹ ਵਿਖੇ ਤਾਇਨਾਤ ਇਕ ਡੀ. ਐੱਸ. ਪੀ². ਆਪਣੇ ਡਰਾਈਵਰ, ਦੋ ਹੋਰ ਸਾਥੀਆਂ ਅਤੇ ਪਿੰਡ ਚਾਣਕ ਨੇੜੇ ਬੁੱਢਲਾਡਾ ਜ਼ਿਲਾ ਮਾਨਸਾ ਦੀ ਇਕ ਮਹਿਲਾ ਸਮੇਤ ਇਥੇ ਇਕ ਕੋਠੀ ਵਿਚ ਆਇਆ ਤਾਂ ਇੱਥੋਂ ਦੇ ਮੁਹੱਲਾ ਵਾਸੀਆਂ ਨੇ ਉਨ੍ਹਾਂ 'ਤੇ ਰੰਗਰਲੀਆਂ ਮਨਾਉਣ ਦਾ ਦੋਸ਼ ਲਗਾਉਂਦਿਆਂ ਸਰਕਾਰੀ ਟਾਟਾ ਸੂਮੋ ਗੱਡੀ ਨੰ. ਪੀ.ਬੀ. 11 ਏ.ਡੀ. 6989 ਦੇ ਸ਼ੀਸ਼ੇ ਭੰਨ ਦਿੱਤੇ ਅਤੇ ਪੁਲਸ ਚੌਕੀ ਬਹਾਦਰਗੜ੍ਹ ਨੂੰ ਇਤਲਾਹ ਦੇ ਦਿੱਤੀ। ਸੂਚਨਾ ਮਿਲਣ ਉਪਰੰਤ ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਦੋਨੋਂ ਧਿਰਾਂ ਨੂੰ ਚੌਕੀ ਬਹਾਦਰਗੜ੍ਹ ਵਿਖੇ ਲੈ ਗਈ। ਡੀ. ਐੱਸ. ਪੀ. ਨੇ ਇਸ ਪੂਰੇ ਘਟਨਾਕ੍ਰਮ ਵਿਚ ਆਪਣੇ ਆਪ ਨੂੰ ਨਿਰਦੋਸ਼ ਕਰਾਰ ਦਿੰਦਿਆਂ ਦੱਸਿਆ ਕਿ ਉਹ ਆਪਣੇ ਇਕ ਜਾਣਕਾਰ ਨੂੰ ਇੱਥੇ ਪਲਾਟ ਦਿਖਾਉਣ ਲਈ ਆਇਆ ਸੀ ਤੇ ਉਹ ਚਾਹ-ਪਾਣੀ ਪੀਣ ਲਈ ਇਕ ਘਰ ਵਿਚ ਰੁਕੇ ਤਾਂ ਮੁਹੱਲਾ ਵਾਸੀਆਂ ਨੂੰ ਕੋਈ ਗਲਤ ਫਹਿਮੀ ਹੋ ਗਈ ਪਰ ਹੁਣ ਉਨ੍ਹਾਂ ਦੀ ਗਲਤ ਫਹਿਮੀ ਦੂਰ ਕਰ ਦਿੱਤੀ ਗਈ ਹੈ। ਉਕਤ ਮਾਮਲੇ ਵਿਚ ਚੌਕੀ ਇੰਚਾਰਜ ਨਰੈਣ ਸਿੰਘ ਨੇ ਕਿਹਾ ਕਿ ਮੁਹੱਲਾ ਵਾਸੀਆਂ ਨੂੰ ਕੋਈ ਗਲਤ ਫਹਿਮੀ ਹੋ ਗਈ ਸੀ, ਜੋ ਦੂਰ ਹੋਣ ਉਪਰੰਤ ਦੋਨੋਂ ਧਿਰਾਂ ਵਿਚ ਸਮਝੌਤਾ ਹੋ ਗਿਆ ਹੈ।
No comments:
Post a Comment