ਬੇਗੋਵਾਲ, 14 ਜਨਵਰੀ--ਸ਼ਰਾਬ ਦੇ ਮਾਮਲੇ ਨੂੰ ਲੈ ਕੇ ਚੋਣ ਆਬਜ਼ਰਵਰ ਦੇ ਆਦੇਸ਼ਾਂ 'ਤੇ ਬੇਗੋਵਾਲ ਪੁਲਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਭੁਲੱਥ ਤੋਂ ਵਿਧਾਨ ਸਭਾ ਚੋਣਾਂ ਦੀ ਉਮੀਦਵਾਰ ਬੀਬੀ ਜਗੀਰ ਕੌਰ ਉਸ ਦੀ ਧੀ-ਜਵਾਈ ਸਮੇਤ ਪੰਜ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਮੈਂ 4.45 ਦੇ ਕਰੀਬ ਨਡਾਲੇ ਤੋਂ ਬੇਗੋਵਾਲ ਜਾ ਰਿਹਾ ਸੀ ਤਾਂ ਮੈਨੂੰ ਇਤਲਾਹ ਮਿਲੀ ਕਿ ਪਿੰਡ ਇਬਰਾਹੀਮਵਾਲ ਵਾਲੇ ਸ਼ਰਾਬ ਦੇ ਠੇਕੇ 'ਤੇ ਕੁਝ ਪਿੰਡਾਂ ਦੇ ਅਕਾਲੀ ਵਰਕਰ ਸ਼ਰਾਬ ਦੀਆਂ ਪੇਟੀਆਂ ਆਪਣੀਆਂ ਗੱਡੀਆਂ ਵਿਚ ਲੱਦ ਰਹੇ ਹਨ ਅਤੇ ਇਹ ਸ਼ਰਾਬ ਠੇਕਾ ਕੁਲਵੰਤ ਕੌਰ ਪਤਨੀ ਸੇਵਾ ਸਿੰਘ ਵਾਸੀ ਮਿਆਣੀ ਭੱਗੂਪੁਰੀਆਂ 'ਚ ਉਸਦੇ ਪੁੱਤਰ ਯਾਦਵਿੰਦਰ ਸਿੰਘ ਬੰਟੀ ਦਾ ਹੈ। ਜਦੋਂ ਮੈਂ ਇਸ ਠੇਕੇ 'ਤੇ ਪਹੁੰਚਿਆ ਤਾਂ ਮੈਨੂੰ ਦੇਖ ਕੇ ਉਥੇ ਮੌਜੂਦ ਲੋਕ ਗੱਡੀਆਂ ਭਜਾ ਕੇ ਲੈ ਗਏ, ਜਿਨ੍ਹਾਂ 'ਚੋਂ ਇਕ ਜੀਪ ਅਸੀਂ ਫੜ ਲਈ, ਜਿਸ ਵਿਚ ਸ਼ਰਾਬ ਦੀ ਪੇਟੀ ਪਈ ਹੋਈ ਸੀ। ਇਸੇ ਦੌਰਾਨ ਮੈਨੂੰ ਸੂਚਨਾ ਮਿਲੀ ਕਿ ਸਾਡੇ ਵਰਕਰਾਂ ਨੇ ਸ਼ਰਾਬ ਦਾ ਭਰਿਆ ਟੈਂਪੂ ਤਲਵੰਡੀ ਰਾਵਾਂ-ਧੱਕੜਾਂ ਸੜਕ ਤੋਂ ਘੇਰ ਕੇ ਤਲਵੰਡੀ ਅੱਡੇ 'ਤੇ ਲੈ ਆਂਦਾ ਹੈ। ਮੈਂ ਸਾਰੇ ਮਾਮਲੇ ਦੀ ਜਾਣਕਾਰੀ ਰਿਟਰਨਿੰਗ ਅਫਸਰ ਭੁਲੱਥ ਨੂੰ ਦਿੱਤੀ। ਫਿਰ ਮੈਂ ਤਲਵੰਡੀ ਪਹੁੰਚ ਕੇ ਦੇਖਿਆ ਕਿ ਟੈਂਪੂ 'ਤੇ ਡਰਾਈਵਰ ਸਾਈਡ ਬੀਬੀ ਜਗੀਰ ਕੌਰ ਦਾ ਸਟਿੱਕਰ ਲੱਗਾ ਹੈ ਅਤੇ ਟੈਂਪੂ ਵਿਚ ਫਸਟ ਚੁਆਇਸ ਵਿਸਕੀ ਹੈ। ਮੌਕੇ 'ਤੇ ਚੋਣ ਆਬਜ਼ਰਵਰ ਅਤੇ ਐਕਸਾਈਜ਼ ਅਧਿਕਾਰੀ ਤੇ ਪੁਲਸ ਵੀ ਪੁੱਜ ਗਈ।
ਖਹਿਰਾ ਨੇ ਪੁਲਸ ਨੂੰ ਦੱਸਿਆ ਕਿ ਮੈਂ ਚੋਣ ਕਮਿਸ਼ਨ ਨੂੰ ਕੁਝ ਦਿਨ ਪਹਿਲਾਂ ਸ਼ਿਕਾਇਤ ਵੀ ਭੇਜੀ ਸੀ ਕਿ ਨੰਗਲ ਲੁਬਾਣਾ ਦਾ ਸ਼ਰਾਬ ਸਰਕਲ ਬੀਬੀ ਜਗੀਰ ਕੌਰ ਦੇ ਭਣਜੇ ਯਾਦਵਿੰਦਰ ਵਾਸੀ ਭੱਗੂਪੁਰੀਆਂ ਦਾ ਤੇ ਇਸੇ ਸ਼ਰਾਬ ਸਰਕਲ ਤੋਂ ਬੀਬੀ ਜਗੀਰ ਕੌਰ, ਉਸਦੀ ਬੇਟੀ ਰਜਨੀਤ ਕੌਰ, ਜਵਾਈ ਭੁਪਿੰਦਰ ਸਿੰਘ ਦੇ ਇਸ਼ਾਰਿਆਂ 'ਤੇ ਪਿੰਡਾਂ ਵਿਚ ਸ਼ਰਾਬ ਵੰਡੀ ਜਾ ਰਹੀ ਹੈ। ਸ਼ਰਾਬ ਫੜੇ ਜਾਣ ਉਪਰੰਤ ਭੁਪਿੰਦਰ ਸਿੰਘ, ਯਾਦਵਿੰਦਰ ਸਿੰਘ ਬੰਟੀ ਅਤੇ ਮਲਕੀਤ ਸਿੰਘ ਰਣੀਆਂ ਆਪਣੇ ਸਾਥੀਆਂ ਸਮੇਤ ਮੌਕੇ 'ਤੇ ਪੁੱਜੇ ਅਤੇ ਇਨ੍ਹਾਂ ਮੈਨੂੰ ਸ਼ਿਕਾਇਤ ਵਾਪਸ ਲੈਣ ਲਈ ਧਮਕਾਇਆ ਤੇ ਨਾਅਰੇਬਾਜ਼ੀ ਕੀਤੀ, ਜਿਸ ਤੋਂ ਸਾਬਤ ਹੈ ਕਿ ਸ਼ਰਾਬ ਵੋਟਰਾਂ ਨੂੰ ਵੰਡੀ ਜਾ ਰਹੀ ਸੀ।
ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਬੇਗੋਵਾਲ ਪੁਲਸ ਨੇ ਮਿਤੀ 18/1/12 ਨੂੰ ਰਾਤ ਸਮੇਂ ਬੀਬੀ ਜਗੀਰ ਕੌਰ, ਉਸਦੀ ਪੁੱਤਰੀ ਰਜਨੀਤ ਕੌਰ, ਜਵਾਈ ਭੁਪਿੰਦਰ ਸਿੰਘ, ਯਾਦਵਿੰਦਰ ਸਿੰਘ ਬੰਟੀ ਵਾਸੀ ਮਿਆਣੀ ਭੱਗਪੁਰੀਆਂ ਅਤੇ ਮਲਕੀਤ ਸਿੰਘ ਵਾਸੀ ਇਬਰਾਹੀਮਵਾਲ ਖਿਲਾਫ ਧਾਰਾ 171-ਬੀ, 171-ਸੀ, 171-ਐੱਚ, 506 ਆਈ. ਪੀ. ਸੀ. 188 ਆਈ. ਪੀ. ਸੀ., 123 ਰੀ ਪ੍ਰੀਜ਼ੈਂਟੇਸ਼ਨ ਆਫ ਪੀਪਲਜ਼ ਐਕਟ 1951 ਦੇ ਤਹਿਤ ਕੇਸ ਦਰਜ ਕਰ ਲਿਆ ਹੈ।
12 ਬੋਤਲਾਂ ਬਲੈਂਡਰ ਪ੍ਰਾਈਡ ਸ਼ਰਾਬ ਸਣੇ ਗੱਡੀ ਫੜੀ : ਇਸੇ ਤਰ੍ਹਾਂ ਬੇਗੋਵਾਲ ਪੁਲਸ ਨੇ ਇਬਰਾਹੀਮਵਾਲ ਅੱਡੇ 'ਤੇ ਸਕਾਰਪੀਓ ਗੱਡੀ 'ਚੋਂ ਬਲੈਂਡਰ ਪ੍ਰਾਈਡ ਸ਼ਰਾਬ ਦੀਆਂ 12 ਬੋਤਲਾਂ ਬਰਾਮਦ ਕੀਤੀਆਂ ਅਤੇ ਗੱਡੀ ਚਾਲਕ ਵਲੋਂ ਪਰਮਿਟ ਨਾ ਪੇਸ਼ ਕਰ ਸਕਣ ਸੰਬੰਧੀ ਗੱਡੀ ਚਾਲਕ ਸ਼ਿੰਗਾਰਾ ਸਿੰਘ ਪੁੱਤਰ ਜੀਤ ਸਿੰਘ ਖਿਲਾਫ ਧਾਰਾ 188 ਤਹਿਤ ਕੇਸ ਦਰਜ ਕਰ ਦਿੱਤਾ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਇਹ ਗੱਡੀ ਉਹੀ ਹੈ, ਜੋ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਫੜੀ ਸੀ।