Sunday, 15 January 2012

ਸੁਖਬੀਰ ਬਾਦਲ ਦੀ ਮੌਜੂਦਗੀ 'ਚ ਪਰਮਜੀਤ ਰਾਏਪੁਰ ਵਲੋਂ ਪ੍ਰਗਟ ਸਿੰਘ ਦੀ ਹਮਾਇਤ ਦਾ ਐਲਾਨ

ਸੁਖਬੀਰ ਬਾਦਲ ਦੀ ਮੌਜੂਦਗੀ 'ਚ ਪਰਮਜੀਤ ਰਾਏਪੁਰ ਵਲੋਂ ਪ੍ਰਗਟ ਸਿੰਘ ਦੀ ਹਮਾਇਤ ਦਾ ਐਲਾਨ

ਜਲੰਧਰ, 14 ਜਨਵਰੀ -- ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਜਲੰਧਰ ਛਾਉਣੀ ਹਲਕੇ ਤੋਂ ਉਮੀਦਵਾਰ ਸਾਬਕਾ ਹਾਕੀ ਓਲੰਪੀਅਨ ਪ੍ਰਗਟ ਸਿੰਘ ਦੀ ਸਥਿਤੀ ਅੱਜ ਉਸ ਵੇਲੇ ਬਹੁਤ ਮਜ਼ਬੂਤ ਹੋ ਗਈ ਜਦੋਂ ਜਲੰਧਰ ਛਾਉਣੀ ਹਲਕੇ ਤੋਂ ਪਾਰਟੀ ਦੀ ਟਿਕਟ ਨਾ ਮਿਲਣ 'ਤੇ ਨਿਰਾਸ਼ ਚੱਲ ਰਹੇ ਜਲੰਧਰ ਛਾਉਣੀ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਏਪੁਰ ਨੇ ਆਪਣੇ ਹੀ ਨਿਵਾਸ ਸਥਾਨ 'ਤੇ ਪੁੱਜੇ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਪ੍ਰਗਟ ਸਿੰਘ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਅਤੇ ਲਾਗੇ ਹੀ ਸਥਿਤ  ਕੁੱਕੜ ਪਿੰਡ ਤੋਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਯੂਥ ਆਗੂ ਜਸਪਾਲ ਸਿੰਘ ਪਾਲਾ ਨੇ ਸਾਥੀਆਂ ਸਮੇਤ ਪੀ. ਪੀ. ਪੀ. ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਸੁਖਬੀਰ ਬਾਦਲ ਨੇ ਪਿੰਡ ਰਾਏਪੁਰ ਵਿਖੇ ਪਰਮਜੀਤ ਸਿੰਘ ਰਾਏਪੁਰ ਦੀ ਅਗਵਾਈ ਹੇਠ ਕੀਤੇ ਗਏ ਪਾਰਟੀ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਪੰਜ ਸਾਲਾਂ 'ਚ ਜਿੰਨਾ ਵਿਕਾਸ ਅਕਾਲੀ-ਭਾਜਪਾ ਸਰਕਾਰ ਨੇ ਕੀਤਾ ਹੈ ਓਨਾ ਕਾਂਗਰਸ ਨੇ 40 ਸਾਲਾਂ 'ਚ ਨਹੀਂ ਕੀਤਾ। ਉਨ੍ਹਾਂ ਪ੍ਰਗਟ ਸਿੰਘ ਬਾਰੇ  ਕਿਹਾ ਕਿ ਉਹ ਬਹੁਤ ਹੀ ਇਮਾਨਦਾਰ ਤੇ ਬੇਦਾਗ ਨੇਤਾ ਹਨ। ਇਸੇ ਨੂੰ ਮੁੱਖ ਰੱਖ ਕੇ ਹੀ ਉਨ੍ਹਾਂ ਨੂੰ ਪਾਰਟੀ ਨੇ ਜਲੰਧਰ ਛਾਉਣੀ ਹਲਕੇ ਤੋਂ ਆਪਣਾ ਉਮੀਦਵਾਰ ਬਣਾ ਕੇ ਚੋਣ ਦੰਗਲ 'ਚ ਉਤਾਰਿਆ ਹੈ। ਉਨ੍ਹਾਂ ਨੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪ੍ਰਗਟ ਸਿੰਘ ਨੂੰ ਪੰਜਾਬ ਭਰ 'ਚੋਂ ਸਭ ਤੋਂ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ 'ਚ ਭੇਜਣ ਤਾਂ ਕਿ ਪੂਰੀ ਦੁਨੀਆ ਵਿਚ ਇਹ ਮਿਸਾਲ ਭਣ ਸਕੇ ਕਿ ਪੰਜਾਬ ਦੇ ਲੋਕ ਖਿਡਾਰੀਆਂ ਤੇ ਇਮਾਨਦਾਰ ਲੋਕਾਂ ਦਾ ਕਿੰਨਾ ਸਨਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਪ੍ਰਗਟ ਸਿੰਘ ਜਲੰਧਰ ਛਾਉਣੀ ਹਲਕੇ ਦੇ ਵਿਕਾਸ ਲਈ ਜੋ ਵੀ ਸਰਕਾਰ ਕੋਲੋਂ ਚਾਹੁਣਗੇ। ਉਸਨੂੰ ਪਹਿਲ ਆਧਾਰ 'ਤੇ ਪੂਰਾ ਕੀਤਾ ਜਾਵੇਗਾ। ਪਰਮਜੀਤ ਸਿੰਘ ਰਾਏਪੁਰ ਨੇ ਵੀ ਆਪਣੇ ਹਾਜ਼ਰ ਸਮਰਥਕਾਂ ਨੂੰ ਕਿਹਾ ਕਿ ਉਹ ਪ੍ਰਗਟ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਉਣ ਵਾਸਤੇ ਦਿਨ-ਰਾਤ ਇਕ ਕਰ ਦੇਣ। ਪ੍ਰਗਟ ਸਿੰਘ ਨੇ ਪਰਮਜੀਤ ਸਿੰਘ ਰਾਏਪੁਰ ਤੇ ਉਨ੍ਹਾਂ ਦੇ ਸਾਰੇ ਸਮਰਥਕਾਂ ਵਲੋਂ ਦਿੱਤੇ ਗਏ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ

No comments:

Post a Comment